ਨਵੀਂ ਦਿੱਲੀ: ਦੇਸ਼ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਅੱਜ ਇੰਡੀਅਨ ਏਅਰ ਫ਼ੋਰਸ ਦੇ ਨਵੇਂ ਮੁਖੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਪ੍ਰੈਸ ਕਾਨਫਰੈਂਸ ਕਰਕੇ ਪਾਕਿਸਤਾਨ ਨੂੰ ਬਾਲਾਕੋਟ ਏਅਰਸਟ੍ਰਾਈਕ ਮੁੜ ਤੋਂ ਚੇਤੇ ਕਰਵਾਈ ਹੈ। ਏਅਰ ਫ਼ੋਰਸ ਵੱਲੋਂ ਬਾਲਾਕੋਟ ਏਅਰਸਟ੍ਰਾਈਕ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਏਅਰਸਟ੍ਰਾਈਕ ਦੀ ਪੂਰੀ ਪ੍ਰਕਿਰਿਆ ਨੂੰ ਵਿਖਾਇਆ ਗਿਆ ਹੈ। ਰਾਕੇਸ਼ ਭਦੌਰੀਆ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਂ ਪਾਕਿਸਤਾਨ ਵੱਲੋਂ ਮੁੜ ਤੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁੱਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ।
ਉੱਥੇ ਹੀ ਰਾਕੇਸ਼ ਭਦੌਰੀਆ ਨੇ 27 ਫਰਵਰੀ ਨੂੰ ਸ਼੍ਰੀਨਗਰ ਵਿਖੇ ਹੋਏ ਐਮਆਈ-17 ਚੌਪਰ ਕ੍ਰੈਸ਼ ਹੋਣ ਦੇ ਬਾਰੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ ਜਿਸ ਵਿੱਚ ਸਾਡੀ ਗੰਭੀਰ ਗਲਤੀ ਸੀ, ਕਿਉਂਕਿ ਸਾਡੀ ਮਿਸਾਈਲ ਨੇ ਸਾਡੇ ਆਪਣੇ ਹੀ ਚਾਪਰ ਨੂੰ ਮਾਰ ਗਿਰਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ।