ਨਵੀਂ ਦਿੱਲੀ: ਚੀਨ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤ ਵਿੱਚ ਹੁਣ ਤੱਕ 4000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਉੱਥੇ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਵੱਧ ਰਹੇ ਮਾਮਲਿਆਂ ਵਿੱਚ ਇੱਕ ਹੋਰ ਬੁਰੀ ਖ਼ਬਰ ਹੈ। ਉਹ ਇਹ ਕਿ ਭਾਰਤ ਦੇ ਕੁਝ ਖੇਤਰਾਂ ਵਿੱਚ, ਕੋਰੋਨਾ ਦੀ ਲਾਗ ਤੀਜੇ ਪੜਾਅ ਉੱਤੇ ਪਹੁੰਚ ਗਈ ਹੈ। ਦਿੱਲੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਭਾਰਤ ਦੇ ਕੁੱਝ ਇਲਾਕਿਆਂ ਵਿੱਚ ਕੋਰੋਨਾ ਦਾ ਫ਼ੈਲਾਅ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਕੋਰੋਨਾ ਪੂਰੇ ਭਾਰਤ ਵਿੱਚ ਦੂਜੇ ਪੜਾਅ ਅਤੇ ਤੀਜੇ ਪੜਾਅ ਦੇ ਵਿਚਕਾਰ ਹੈ।
ਏਮਜ਼ ਦੇ ਡਾਇਰੈਕਟਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਥਿਤੀ ਚਿੰਤਾਜਨਕ ਹੈ, ਕਿਉਂਕਿ ਕੁਝ ਥਾਵਾਂ ‘ਤੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਕੁੱਝ ਇਲਾਕਿਆਂ ਵਿੱਚ ਸਥਾਨਕ ਭਾਈਚਾਰੇ ਵਿੱਚ ਫੈਲ ਗਿਆ ਹੈ। ਡਾਇਰੈਕਟਰ ਗੁਲੇਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਹੁਣ ਡਾਕਟਰ ਵੀ ਆਉਣ ਲੱਗ ਪਏ ਹਨ, ਜਿਸ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਡਾਕਟਰਾਂ ਦੇ ਪਰਿਵਾਰ ਵਿੱਚ ਕੋਰੋਨਾ ਵੀ ਹੋ ਸਕਦਾ ਹੈ। ਲੋਕਾਂ ਨੂੰ ਡਾਕਟਰ ਦੀ ਵਧੇਰੇ ਸਹਾਇਤਾ ਕਰਨੀ ਚਾਹੀਦੀ ਹੈ।
ਉੱਥੇ ਤਾਲਾਬੰਦੀ ਲਈ ਡਾ.ਗੁਲੇਰੀਆਂ ਨੇ ਕਿਹਾ ਕਿ ਜੇ 10 ਅਪ੍ਰੈਲ ਤੋਂ ਬਾਅਦ ਮਾਮਲੇ ਹੋਰ ਵੱਧਦੇ ਹਨ, ਤਾਂ ਤਾਲਾਬੰਦੀ ਵਿੱਚ ਵਾਧਾ ਜ਼ਰੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਪਹਿਲਾਂ ਵਰਗਾ ਬਣਨ ਵਿੱਚ ਸਮਾਂ ਲੱਗ ਜਾਵੇਗਾ, ਕਿਉਂਕਿ ਇਹ ਵਾਇਰਸ ਏਨੀ ਛੇਤੀ ਜਾਣ ਵਾਲਾ ਨਹੀਂ ਹੈ।