ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੋਮਵਾਰ ਨੂੰ ਅਹਿਮਦਾਬਾਦ ਦੀ ਯਾਤਰਾ ਦੇ ਮੱਦੇਨਜ਼ਰ ਉਨ੍ਹਾਂ ਦੇ ਸਵਾਗਤ ਲਈ ਗੁਜਰਾਤ ਦਾ ਸ਼ਹਿਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਦੌਰਾਨ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਰੋਡ ਸ਼ੋਅ ਕਰਨਗੇ ਅਤੇ ਇੱਥੋਂ ਦੇ ਕ੍ਰਿਕਟ ਸਟੇਡੀਅਮ ਵਿੱਚ ‘ਨਮਸਤੇ ਟਰੰਪ’ ਪ੍ਰੋਗਰਾਮ ਵਿੱਚ ਸਾਂਝੇ ਤੌਰ ‘ਤੇ ਰੈਲੀ ਨੂੰ ਸੰਬੋਧਨ ਕਰਨਗੇ।
ਰਾਸ਼ਟਰਪਤੀ ਟਰੰਪ ਮੈਰੀਲੈਂਡ ਦੇ ਜਾਇੰਟ ਵੇਅਜ਼ ਤੋਂ ਫਲਾਈਟ ਲੈਣ ਤੋਂ ਬਾਅਦ ਜਰਮਨੀ ਦੇ ਰਾਈਨਲੈਂਡ-ਪੈਲੈਟੀਨੇਟ ਵਿਖੇ ਥੋੜੇ ਸਮੇਂ ਲਈ ਰੁਕਣਗੇ। ਇਸ ਤੋਂ ਬਾਅਦ ਟਰੰਪ ਭਾਰਤੀ ਸਮੇਂ ਮੁਤਾਬਕ 24 ਫਰਵਰੀ ਨੂੰ ਸਵੇਰੇ 4.25 ਵਜੇ ਅਹਿਮਦਾਬਾਦ ਲਈ ਉਡਾਣ ਭਰਨਗੇ। ਸੂਤਰਾਂ ਮੁਤਾਬਕ ਟਰੰਪ ਸੋਮਵਾਰ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ। ਅਮਰੀਕੀ ਰਾਸ਼ਟਰਪਤੀ ਦੇ ਸ਼ਹਿਰ ਦੀ ਯਾਤਰਾ ਦੇ ਮੱਦੇਨਜ਼ਰ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੀਆਂ ਹੋਈਆਂ ਹਨ।
ਸਾਬਰਮਤੀ ਆਸ਼ਰਮ ਦੇ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਦੇ ਆਪਣੇ ਰੋਡ ਸ਼ੋਅ ਦੌਰਾਨ ਆਸ਼ਰਮ ਦੇ ਦੌਰੇ ਬਾਰੇ ਅਨਿਸ਼ਚਿਤਤਾ ਦੇ ਬਾਵਜੂਦ, ਮੋਦੀ ਨਾਲ ਉਨ੍ਹਾਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।