ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਵਿੱਚ ਅੱਤਵਾਦੀ ਹਮਲਿਆਂ ਅਤੇ ਅੱਤਿਆਚਾਰਾਂ ਦਾ ਸਾਹਮਣੇ ਕਰ ਰਹੇ ਅਫ਼ਗਾਨ ਸਿੱਖਾਂ ਦਾ ਪਹਿਲਾ ਜੱਥਾ ਭਾਰਤ ਵਿੱਚ ਆ ਗਿਆ ਹੈ ਜਿੱਥੇ ਹੁਣ ਉਨ੍ਹਾਂ ਨੂੰ ਸ਼ਰਨ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਭਾਰਤ ਵਿੱਚ ਸ਼ਰਨ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ।
ਇਸ ਜਥੇ ਵਿੱਚ ਨਿਧਾਨ ਸਿੰਘ ਸਚਦੇਵਾ ਵੀ ਆਏ ਹਨ ਜਿਨ੍ਹਾਂ ਨੂੰ ਪਿਛਲੇ ਦਿਨੀਂ ਅੱਤਵਾਦੀਆਂ ਨੇ ਬੰਦੀ ਬਣਾ ਲਿਆ ਸੀ ਅਤੇ ਕਈ ਦਿਨ ਬੰਦੀ ਬਣਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਸੀ। ਉਨ੍ਹਾਂ ਨੇ ਵੀ ਭਾਰਤ ਆ ਕੇ ਸ਼ਰਨ ਮੰਗੀ ਹੈ। ਇਹ ਜਥਾ ਅਫ਼ਗ਼ਾਨਿਸਤਾਨ ਤੋਂ ਵਿਸ਼ੇਸ਼ ਉਡਾਣ ਰਾਹੀਂ ਭਾਰਤ ਆਇਆ ਹੈ।
ਇਸ ਮੌਕੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਨਿਧਾਨ ਸਿੰਘ ਨੇ ਦੱਸਿਆ ਕਿ ਉੱਥੇ ਸਿੱਖਾਂ ਨਾਲ ਬਹੁਤ ਧੱਕਾ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅੱਤਵਾਦੀਆਂ ਨੇ ਬੰਦੀ ਬਣਾਇਆ ਸੀ ਤਾਂ ਉਸ ਨਾਲ ਬਹੁਤ ਕੁੱਟਮਾਰ ਕੀਤੀ ਗਈ। ਉਸ ਨੂੰ ਵਾਰ-ਵਾਰ ਧਰਮ ਬਦਲ ਕੇ ਮੁਸਲਮਾਨ ਬਣਨ ਲਈ ਕਿਹਾ ਗਿਆ ਅਤੇ ਜਦੋਂ ਨਾਂਹ ਕੀਤਾ ਤਾਂ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਹ ਭਾਰਤ ਦਾ ਜਾਸੂਸ ਹੈ। ਇਸ ਮੌਕੇ ਉਨ੍ਹਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਇਸ ਜਥੇ ਵਿੱਚ ਆਏ ਦੂਜੇ ਸਿੱਖ ਪਰਿਵਾਰਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਅਤੇ ਉਨ੍ਹਾਂ ਨੇ ਕਿਹਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਉੱਥੇ ਫਸੇ ਹੋਏ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਭਾਰਤ ਲੈ ਕੇ ਆਉਣ ਦਾ ਪ੍ਰਬੰਧ ਕਰੇ।
ਇਸ ਮੌਕੇ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਨ੍ਹਾਂ ਦੇ ਭਾਰਤ ਆਉਣ ਤੇ ਇਸਤਕਬਾਲ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਨੂੰ ਰਕਾਬ ਗੰਜ ਗੁਰੂ ਘਰ ਵਿੱਚ ਰੱਖਿਆ ਜਾਵੇਗਾ। ਜਿੰਨਾ ਟਾਇਮ ਇਨ੍ਹਾਂ ਦਾ ਰਹਿਣ ਅਤੇ ਨੌਕਰੀ ਦਾ ਪ੍ਰਬੰਧ ਨਹੀਂ ਹੁੰਦਾ ਉਨ੍ਹਾਂ ਟਾਇਮ ਇਨ੍ਹਾਂ ਦੀ ਦੇਖਭਾਲ ਡੀਐਸਜੀਐਮਸੀ ਕਰੇਗੀ। ਸਿਰਸਾ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰ ਦਾਸ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।