ਨਵੀਂ ਦਿੱਲੀ: ਸਰਦਾਰ ਪਟੇਲ ਦੇ ਯਾਦਗਾਰੀ ਬੁੱਤ ‘ਸਟੈਚੂ ਆਫ਼ ਯੂਨਿਟੀ’ ਨੂੰ ਵੇਚਣ ਲਈ ਕਿਸੇ ਅਣਪਛਾਤੇ ਵੱਲੋਂ ਪਾਈ ਆਨਲਾਈਨ ਐਡ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਸਹੂਲਤਾਂ ਅਤੇ ਹਸਪਤਾਲਾਂ 'ਤੇ ਸਰਕਾਰੀ ਖ਼ਰਚਿਆਂ ਨੂੰ ਪੂਰਾ ਕਰਨ ਲਈ 30 ਹਜ਼ਾਰ ਕਰੋੜ ਰੁਪਏ 'ਚ ਸਟੈਚੂ ਵੇਚਣ ਲਈ ਇਹ ਇਸ਼ਤਿਹਾਰ ਓਐਲਐਕਸ 'ਤੇ ਜਾਰੀ ਕੀਤਾ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਖ਼ਬਾਰ 'ਚ ਇਸ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਮਗਰੋਂ ਇਸ ਇਸ਼ਤਿਹਾਰ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਾਡੀਆ ਵਿੱਚ ਸਥਿਤ 182 ਮੀਟਰ ਦੀ ਉਚਾਈ ਵਾਲਾ ਸਟੈਚੂ ਆਫ਼ ਯੂਨਿਟੀ ਸਰਦਾਰ ਪਟੇਲ ਦੀ ਯਾਦਗਾਰ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ਵਿੱਚ ਕੀਤਾ ਸੀ।