ਕੋਲਕਾਤਾ: ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕੇਂਦਰ ਦੀ ਨਵੀਂ ਸਿੱਖਿਆ ਨੀਤੀ-2020 (ਕੌਮੀ ਸਿੱਖਿਆ ਨੀਤੀ) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਬੰਗਾਲੀ ਨੂੰ ਸ਼ਾਸਤਰੀ ਭਾਸ਼ਾ ਵੱਜੋਂ ਸੂਚੀਬੱਧ ਕਰਨ ਦੀ ਮੰਗ ਕੀਤੀ ਹੈ।
ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਸ਼ਾਸਤਰੀ ਭਾਸ਼ਾ ਦੀ ਸ੍ਰੇਣੀ ਵਿੱਚ ਕਿਸੇ ਭਾਸ਼ਾ ਨੂੰ ਸ਼ਾਮਲ ਕੀਤੇ ਜਾਣ ਸਬੰਧੀ ਵਿਸ਼ੇਸ਼ਤਾਵਾਂ ਨੂੰ ਜਾਣਨਾ ਚਾਹਿਆ ਹੈ। ਉਨ੍ਹਾਂ ਕਿਹਾ, 'ਸ਼ਾਸਤਰੀ ਭਾਸ਼ਾ ਦੀ ਸ਼੍ਰੇਣੀ ਵਿੱਚ ਕਿਸੇ ਭਾਸ਼ਾ ਨੂੰ ਰੱਖਣ ਲਈ ਕਿਹੜੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ? ਬੰਗਾਲੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ 15ਵੀਂ ਭਾਸ਼ਾ ਹੈ, ਇਹ ਮੂਲ: ਸਾਹਿਤਕ ਪਰੰਪਰਾ 'ਤੇ ਅਧਾਰਤ ਹੈ।'
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ, 'ਮਾਨਵਵਾਦੀ ਅਤੇ ਪੁਰਾਤੱਤਵ ਤੱਥ ਸੰਕੇਤ ਕਰਦੇ ਹਨ ਕਿ ਬੰਗਾਲੀ ਭਾਸ਼ਾ ਕਈ ਜਾਤੀ ਸਮੂਹਾਂ ਨਾਲ ਮਿਲ ਕੇ ਬਣੀ ਅਤੇ ਉਨ੍ਹਾਂ ਨੂੰ ਬੰਗਾਲੀ ਭਾਸ਼ਾ ਨਾਲ ਜੋੜਦੀ ਹੈ।' ਉਨ੍ਹਾਂ ਕਿਹਾ, 'ਇਸ ਲਈ ਮੈਂ ਭਾਰਤ ਦੀ ਨਵੀਂ ਸਿੱਖਿਆ ਨੀਤੀ ਵਿੱਚ ਬੰਗਾਲੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਦੀ ਸ੍ਰੇਣੀ ਵਿੱਚ ਸ਼ਾਮਲ ਕਰਨ ਲਈ ਵਿਚਾਰ ਕਰਨ ਬਾਰੇ ਅਪੀਲ ਕਰਾਂਗਾ ਤਾਂ ਕਿ ਦੇਸ਼ ਵਿੱਚ ਸ਼ਾਸਤਰੀ ਭਾਸ਼ਾਵਾਂ ਦੀ ਸੂਚੀ ਦਾ ਨਿਰਧਾਰਨ ਕਰਨ ਲਈ ਯੋਗਤਾ ਦੀ ਡੂੰਘਾਈ ਦਾ ਹਵਾਲਾ ਹੋ ਸਕੇ।'
ਅਧੀਰ ਰੰਜਨ ਚੌਧਰੀ ਨੇ ਸ਼ੁੱਕਰਵਾਰ ਨੂੰ ਇਹ ਪੱਤਰ ਨੋਬਲ ਪੁਰਸਕਾਰ ਨਾਲ ਸਨਮਾਨਤ ਰਵਿੰਦਰ ਨਾਥ ਠਾਕੁਰ ਦੀ 79ਵੀਂ ਵਰ੍ਹੇਗੰਢ 'ਤੇ ਲਿਖਿਆ। ਵਰਨਣਯੋਗ ਹੈ ਕਿ ਨਵੀਂ ਸਿੱਖਿਆ ਨੀਤੀ ਵਿੱਚ ਸੰਸਕ੍ਰਿਤ, ਤਮਿਲ, ਕੰਨੜ, ਤੇਲਗੂ, ਮਲਿਆਲਮ, ਉੜੀਆ ਨੂੰ ਸ਼ਾਸਤਰੀ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੀਂ ਸਿੱਖਿਆ ਨੀਤੀ ਨੂੰ 29 ਜੁਲਾਈ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ, ਜਿਹੜੀ 34 ਸਾਲ ਪੁਰਾਣੀ ਸਿੱਖਿਆ ਨੀਤੀ ਦੀ ਥਾਂ ਲਵੇਗੀ।