ਨਵੀਂ ਦਿੱਲੀ: ਕਿਸਾਨ ਬਿੱਲ ਨੂੰ ਲੈ ਕੇ ਐਤਵਾਰ ਨੂੰ ਰਾਜ ਸਭਾ ਵਿੱਚ ਹੋਏ ਹੰਗਾਮੇ ਕਾਰਨ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ ਸਮੇਤ 8 ਵਿਰੋਧੀ ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ, ਸੰਜੇ ਸਿੰਘ, ਡੋਲਾ ਸੇਨ, ਰਾਜੀਵ ਸਾਟਵ ਸ਼ਾਮਲ ਹਨ।
ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਦਾ ਨਾਂਅ ਲਿਆ ਅਤੇ ਉਨ੍ਹਾਂ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ। ਵਿਰੋਧੀ ਧਿਰ ਵੱਲੋਂ ਉਪ ਸਭਾਪਤੀ ਦੇ ਵਿਰੋਧ 'ਚ ਪੇਸ਼ ਮਤਾ ਵੀ ਰੱਦ ਕਰ ਦਿੱਤਾ ਗਿਆ। ਦੂਜੇ ਪਾਸੇ ਮੁਅੱਤਲ ਹੋਣ ਤੋਂ ਬਾਅਦ ਵੀ ਵਿਰੋਧੀ ਸਾਂਸਦ ਸਦਨ ਤੋਂ ਬਾਹਰ ਜਾਣ ਨੂੰ ਤਿਆਰ ਨਹੀਂ ਸਨ।