ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ 'ਚ ਸਥਿਤ ਸ਼੍ਰੇਅ ਹਸਪਤਾਲ 'ਚ ਅੱਗ ਲੱਗਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਥੇ ਵੱਡੀ ਗਿਣਤੀ 'ਚ ਕੋਰੋਨਾ ਵਾਇਰਸ ਦੇ ਮਰੀਜ਼ ਜ਼ੇਰੇ ਇਲਾਜ ਸਨ, ਬਾਕੀ ਮਰੀਜ਼ਾਂ ਨੂੰ ਸੁਰੱਖਿਅਤ ਥਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਪੀਐਮ ਮੋਦੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਵਿਜੇ ਰੁਪਾਣੀ ਨੇ ਦਿੱਤੇ ਜਾਂਚ ਦੇ ਆਦੇਸ਼
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ, ਨੇ ਅਹਿਮਦਾਬਾਦ ਦੇ ਸ਼੍ਰੇਅ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਜਾਂਚ ਸੰਗੀਤਾ ਸਿੰਘ, ਮੁੱਖ ਸੱਕਤਰ (ਗ੍ਰਹਿ ਮੰਤਰਾਲੇ) ਦੀ ਅਗਵਾਈ 'ਚ ਕੀਤੀ ਜਾਵੇਗੀ। ਇਸ ਜਾਂਚ ਦੀ ਰਿਪੋਰਟ ਤਿੰਨ ਦਿਨਾਂ 'ਚ ਦਿੱਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ।
ਪੀਐਮ ਮੋਦੀ ਨੇ ਦੁੱਖ ਕੀਤਾ ਪ੍ਰਗਟ
ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੁੱਖ ਪ੍ਰਗਟਾਇਆ ਹੈ। ਪੀਐਮ ਮੋਦੀ ਨੇ ਆਪਣੇ ਟਵੀਟ 'ਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟਾਇਆ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਦੂਆ ਮੰਗੀ। ਇਸ ਘਟਨਾ ਨੂੰ ਲੈ ਕੇ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਅਹਿਮਦਾਬਾਦ ਦੇ ਮੇਅਰ ਨਾਲ ਗੱਲ ਕੀਤੀ ਹੈ। ਪੀਐਮ ਮੋਦੀ ਨੇ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਇਸ ਹਾਦਸੇ 'ਚ ਜਾਨ ਗੁਆਉਣ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਲਈ ਪੀਐਮਐਨਆਰਐਫ ਵਿੱਚੋਂ 2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆਂ। ਹਸਪਤਾਲ 'ਚ ਅੱਗ ਲੱਗਣ ਕਾਰਨ ਜ਼ਖਮੀ ਹੋਏ ਮਰੀਜ਼ਾਂ ਨੂੰ ਵੀ 50,000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।
ਗ੍ਰਹਿ ਮੰਤਰੀ ਨੇ ਪ੍ਰਗਟਾਇਆ ਦੁੱਖ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਟਵੀਟ ਕੀਤਾ। ਉਨ੍ਹਾਂ ਲਿਖਿਆ, " ਅਹਿਮਦਾਬਾਦ ਦੇ ਇੱਕ ਹਸਪਤਾਲ 'ਚ ਅੱਗ ਦੀ ਘਟਨਾ ਕਾਰਨ ਜਾਨਮਾਲ ਦੇ ਨੁਕਸਾਨ ਤੋਂ ਬੇਹਦ ਦੁੱਖ ਹੋਇਆ। ਦੁੱਖ ਦੀ ਇਸ ਸਮੇਂ 'ਚ ਮੇਰੀ ਸੰਵੇਦਨਾਵਾਂ ਪ੍ਰਭਾਵਤ ਪਰਿਵਾਰ ਨਾਲ ਹਨ। ਅਸੀਂ ਜਲਦ ਹੀ ਜ਼ਖਮੀਆਂ ਦੇ ਠੀਕ ਹੋਣ ਲਈ ਅਰਦਾਸ ਕਰਦੇ ਹਾਂ। "
ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਹਸਪਤਾਲ 'ਚ ਅੱਗ ਸਵੇਰੇ ਤਿੰਨ ਵਜੇ ਲੱਗੀ ਸੀ। ਇਸ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਅਹਿਮਦਾਬਾਦ ਦੇ ਕੋਵਿਡ-19 ਹਸਪਤਾਲ 'ਚ ਲੱਗੀ ਅੱਗ
ਜਿਸ ਸਮੇਂ ਹਸਪਤਾਲ 'ਚ ਅੱਗ ਲੱਗੀ ਉਸ ਸਮੇਂ ਹਸਪਤਾਲ ਵਿੱਚ ਕੋਵਿਡ-19 ਦੇ ਤਕਰੀਬਨ 49 ਮਰੀਜ਼ ਸਨ। ਇਸ ਹਾਦਸੇ 'ਚ ਆਈਸੀਯੂ ਵਾਰਡ ਦੇ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 3 ਔਰਤਾਂ ਤੇ 5 ਪੁਰਸ਼ ਸ਼ਾਮਲ ਹਨ। ਇਸ ਹਾਦਸੇ ਦੌਰਾਨ ਪੈਰਾ ਮੈਡੀਕਲ ਸਟਾਫ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਅਜੇ ਤੱਕ ਹਸਪਤਾਲ 'ਚ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਹੋਰਨਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਚੁੱਕਾ ਹੈ।