ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 62 ਸੀਟਾਂ 'ਤੇ ਕਬਜ਼ਾ ਕਰ ਕੇ ਜਿੱਤ ਹਾਸਿਲ ਕੀਤੀ ਹੈ। ਉੱਥੇ ਹੀ ਭਾਜਪਾ 8 ਸੀਟਾਂ 'ਤੇ ਜੇਤੂ ਹੋਈ ਹੈ ਤੇ ਕਾਂਗਰਸ ਇੱਕ ਸੀਟ ਵੀ ਨਹੀਂ ਜਿੱਤ ਸਕੀ। ਚੋਣਾਂ ਵਿੱਚ ਕਾਂਗਰਸ ਨੇ ਹੁਣ ਤੱਕ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕੀਤਾ ਹੈ ਅਤੇ ਪਾਰਟੀ ਨੂੰ ਕੁੱਲ ਵੋਟਾਂ ਵਿਚੋਂ ਪੰਜ ਪ੍ਰਤੀਸ਼ਤ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਉੱਥੇ ਹੀ ਕਾਂਗਰਸ ਦੇ 63 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।
ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ 63 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ - delhi election result
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ 63 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਚੋਣਾਂ ਵਿੱਚ ਪਾਰਟੀ ਨੂੰ ਕੁੱਲ ਵੋਟਾਂ ਵਿਚੋਂ ਪੰਜ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ।
ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ 15 ਸਾਲਾਂ ਤੱਕ ਦਿੱਲੀ 'ਤੇ ਰਾਜ ਕਰਨ ਵਾਲੀ ਕਾਂਗਰਸ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਜਿੱਤਣ 'ਚ ਅਸਫ਼ਲ ਰਹੀ ਹੈ। ਪਾਰਟੀ ਦੇ ਸਿਰਫ ਤਿੰਨ ਉਮੀਦਵਾਰ- ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਬਾਦਲੀ ਤੋਂ ਦੇਵੇਂਦਰ ਯਾਦਵ ਅਤੇ ਕਸਤੂਰਬਾ ਨਗਰ ਤੋਂ ਅਭਿਸ਼ੇਕ ਦੱਤ ਆਪਣੀ ਜ਼ਮਾਨਤ ਬਚਾਉਣ ਵਿੱਚ ਕਾਮਯਾਬ ਹੋਏ ਸਕੇ ਹਨ।
ਦੱਸ ਦਈਏ ਕਿ ਜੇ ਕਿਸੇ ਉਮੀਦਵਾਰ ਨੂੰ ਹਲਕੇ ਵਿੱਚ ਪਈਆਂ ਕੁੱਲ ਜਾਇਜ਼ ਵੋਟਾਂ ਦਾ ਛੇਵਾਂ ਹਿੱਸਾ ਨਹੀਂ ਮਿਲਦਾ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਕਾਂਗਰਸ ਦੇ ਕਈ ਉਮੀਦਵਾਰਾਂ ਨੂੰ ਪੰਜ ਪ੍ਰਤੀਸ਼ਤ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ ਧੀ ਸ਼ਿਵਾਨੀ ਚੋਪੜਾ ਦੀ ਕਾਲਕਾਜੀ ਸੀਟ ਤੋਂ ਜ਼ਮਾਨਤ ਜ਼ਬਤ ਹੋ ਗਈ ਹੈ। ਵਿਧਾਨ ਸਭਾ ਦੇ ਸਾਬਕਾ ਸਪੀਕਰ ਯੋਗਾਨੰਦ ਸ਼ਾਸਤਰੀ ਦੀ ਬੇਟੀ ਪ੍ਰਿਯੰਕਾ ਸਿੰਘ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਹੈ। ਉੱਥੇ ਹੀ ਕਾਂਗਰਸ ਦੀ ਮੁਹਿੰਮ ਕਮੇਟੀ ਦੇ ਚੇਅਰਮੈਨ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਜ਼ਾਦ ਵੀ ਸੰਗਮ ਵਿਹਾਰ ਤੋਂ ਆਪਣੀ ਜ਼ਮਾਨਤ ਨਹੀਂ ਬਚਾ ਸਕੀ। ਉਨ੍ਹਾਂ ਨੂੰ ਸਿਰਫ 2,604 ਵੋਟਾਂ ਯਾਨੀ ਸਿਰਫ 2.23 ਪ੍ਰਤੀਸ਼ਤ ਵੋਟ ਹੀ ਮਿਲੇ ਸਨ।