ਨਵੀਂ ਦਿੱਲੀ: ਨਵੇਂ ਸਾਲ 'ਚ ਦੇਸ਼ ਨੂੰ ਏਮਜ਼ ਦੇ 6 ਨਵੇਂ ਸੁਪਰਸਪੈਸ਼ਲਿਟੀ ਹਸਪਤਾਲਾਂ ਦਾ ਤੋਹਫਾ ਮਿਲ ਸਕਦਾ ਹੈ। ਇਨ੍ਹਾਂ 6 ਹਸਪਤਾਲਾਂ ਵਿੱਚੋਂ 2 ਉੱਤਰ ਪ੍ਰਦੇਸ਼ ਵਿੱਚ, ਇੱਕ ਪੱਛਮੀ ਬੰਗਾਲ ਵਿੱਚ, ਇੱਕ ਪੰਜਾਬ ਵਿੱਚ, ਇੱਕ ਮਹਾਰਾਸ਼ਟਰ ਵਿੱਚ ਅਤੇ ਇੱਕ ਆਂਧਰਾ ਪ੍ਰਦੇਸ਼ ਵਿੱਚ ਸਥਾਪਤ ਕੀਤੇ ਜਾਣਗੇ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਅਤੇ ਗੋਰਖਪੁਰ ਵਿੱਚ ਦੋ ਵੱਖਰੇ ਏਮਜ਼ ਨਿਰਮਾਣ ਅਧੀਨ ਹਨ। ਏਮਜ਼ ਇਸ ਸਾਲ ਆਂਧਰਾ ਪ੍ਰਦੇਸ਼ ਦੇ ਮੰਗਲਾਗੀਰੀ, ਮਹਾਰਾਸ਼ਟਰ ਦੇ ਨਾਗਪੁਰ, ਪੱਛਮੀ ਬੰਗਾਲ ਵਿੱਚ ਕਲਿਆਣੀ ਅਤੇ ਪੰਜਾਬ ਦੇ ਬਠਿੰਡਾ ਵਿੱਚ ਤਿਆਰ ਹੋਣਗੇ।
ਕੇਂਦਰੀ ਸਿਹਤ ਮੰਤਰਾਲੇ ਮੁਕਾਬਕ ਸਾਲ 2020 ਵਿੱਚ ਪਹਿਲਾ ਏਮਜ਼ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਲਾਂਚ ਕੀਤਾ ਜਾਵੇਗਾ। ਇਹ ਏਮਜ਼ ਲਗਭਗ 1011 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਗੋਰਖਪੁਰ ਏਮਜ਼ ਅਪ੍ਰੈਲ 2020 ਵਿੱਚ ਪੂਰੀ ਤਰ੍ਹਾਂ ਕੰਮ ਕਰੇਗਾ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਗ੍ਰਹਿ ਜ਼ਿਲ੍ਹਾ ਹੈ।
ਮੰਤਰਾਲੇ ਦੇ ਅਨੁਸਾਰ ਏਮਜ਼ ਰਾਏਬਰੇਲੀ ਅਤੇ ਏਮਜ਼ ਬਠਿੰਡਾ ਨੂੰ ਜੂਨ ਵਿੱਚ ਸ਼ੁਰੂ ਕਰਨ ਦੀ ਯੋਜਨਾ ਹੈ। ਪਿਛਲੇ ਹਫ਼ਤੇ ਹੀ ਬਠਿੰਡਾ ਏਮਜ਼ ਵਿੱਚ 11 ਕਿਸਮਾਂ ਦੀਆਂ ਓਪੀਡੀ ਸਹੂਲਤਾਂ ਅਤੇ ਆਮ ਸਰਜਰੀ ਦੀਆਂ ਸਹੂਲਤਾਂ ਸ਼ੁਰੂ ਹੋ ਗਈਆਂ ਹਨ।