ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਜਿਵੇਂ- ਜਿਵੇਂ ਨੇੜੇ ਆ ਰਿਹਾ ਹੈ, ਸਮਾਗਮ ਦੀਆਂ ਤਿਆਰੀਆਂ ਉਨ੍ਹੀ ਹੀ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 'ਚ ਸ਼ਾਮਲ ਹੋਣ ਲਈ ਸੁਲਤਾਨਪੁਰ ਲੋਧੀ ਆਉਣ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੱਦਾ ਪੱਤਰ ਦਿੱਤਾ ਹੈ।
550 ਸਾਲਾ ਪ੍ਰਕਾਸ਼ ਪੁਰਬ: ਲੌਂਗੋਵਾਲ ਨੇ ਦਿੱਲੀ ਤੇ ਯੂਪੀ ਦੇ ਮੁੱਖ ਮੰਤਰੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਦਿੱਤਾ ਸੱਦਾ - Longowal invites Kejriwal and Yogi Adityanath
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਹਾਂ ਆਗੂਆਂ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 'ਚ ਸ਼ਾਮਲ ਹੋਣ ਲਈ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਪੱਤਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਰਾਮ ਨਾਥ ਕੌਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੁਲਤਾਨਪੁਰ ਲੋਧੀ ਆ ਕੇ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਹੈ।
ਕਰਤਾਰਪੁਰ ਲਾਂਘੇ ਦਾ ਉਦਘਾਟਨ 8 ਨਵੰਬਰ ਨੂੰ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਦਿਨ ਯਾਨੀ ਕਿ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਬਦਲੀ ਵਫ਼ਦ ਦੀ ਅਗਵਾਈ ਕਰਨਗੇ। ਇਸ ਵਫ਼ਦ ਵਿੱਚ ਮੁੱਖ ਮੰਤਰੀ ਦੇ ਨਾਲ ਸਾਰੇ 117 ਵਿਧਾਇਕ, ਪੰਜਾਬ ਤੋਂ ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਤੇ ਸੰਤ ਸਮਾਜ ਦੇ ਮੈਂਬਰ ਤੇ ਸੂਬੇ ਦੀਆਂ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ।