ਨਵੀਂ ਦਿੱਲੀ: ਰਾਜਧਾਨੀ ਦੇ ਉੱਤਰੀ ਪੂਰਬੀ ਇਲਾਕੇ 'ਚ 24-25 ਫਰਵਰੀ ਨੂੰ ਭੜਕੀ ਹਿੰਸਾ 'ਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ 'ਚ ਲੱਗੀ ਹੋਈ ਹੈ। ਦਿੱਲੀ ਹਿੰਸਾ ਮਾਮਲੇ 'ਚ ਹੁਣ ਤੱਕ ਪੁਲਿਸ ਨੇ ਲਗਭਗ 1647 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਹੁਣ ਤੱਕ ਦਿੱਲੀ ਪੁਲਿਸ ਤਾਹਿਰ ਹੁਸੈਨ ਦਾ ਪਤਾ ਨਹੀਂ ਲਗਾ ਸਕੀ ਹੈ।
ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵੱਲੋਂ ਬੁੱਧਵਾਰ ਨੂੰ ਦੇਰ ਰਾਤ ਇਨ੍ਹਾਂ ਆਂਕੜਿਆਂ ਨਾਲ ਸਬੰਧਤ ਬਿਆਨ ਜਾਰੀ ਕੀਤਾ ਗਿਆ। ਬਿਆਨ ਮੁਤਾਬਕ, "ਹਿੰਸਾ ਨੂੰ ਲੈ ਕੇ ਵੱਖ-ਵੱਖ ਥਾਣਿਆਂ 'ਚ ਹੁਣ ਤੱਕ 531 ਐਫ਼ਆਈਆਰ ਦਰਜ ਹੋ ਚੁੱਕੀਆਂ ਹਨ। ਇਨ੍ਹਾਂ 'ਚੋਂ 47 ਮਾਮਲੇ ਆਰਮਜ਼ ਐਕਟ ਨਾਲ ਸਬੰਧਤ ਹਨ। ਜਦਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 1647 ਹੈ।"
ਦਿੱਲੀ ਹਿੰਸਾ ਤੇ ਖੁਫ਼਼ੀਆ ਵਿਭਾਗ ਦੇ ਸਹਾਇਕ ਸੁਰੱਖਿਆ ਅਧਿਕਾਰੀ, ਅੰਕਿਤ ਸ਼ਰਮਾ ਕਤਲ ਕੇਸ ਸਣੇ ਕਈ ਮਾਮਲਿਆਂ ਵਿੱਚ ਲੋੜੀਂਦਾ ਆਮ ਆਦਮੀ ਪਾਰਟੀ ਦੇ ਪਾਰਸ਼ਦ ਤਾਹਿਰ ਹੁਸੈਨ ਅਜੇ ਵੀ ਲਾਪਤਾ ਹੈ।