ਸੁਕਮਾ: ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ। ਜਾਣਕਾਰੀ ਮੁਤਾਬਕ ਇਸ ਮੁਕਾਬਲੇ ਵਿੱਚ 4 ਨਕਸਲੀ ਮਾਰੇ ਗਏ ਹਨ। ਇਹ ਮੁਕਾਬਲਾ ਜਗਰਗੁੰਡਾ ਦੇ ਜੰਗਲ ਵਿੱਚ ਹੋਇਆ ਅਤੇ ਜਵਾਨ ਅਜੇ ਵੀ ਜੰਗਲ ਵਿਚ ਮੌਜੂਦ ਹਨ।
ਜਾਣਕਾਰੀ ਮੁਤਾਬਕ ਮੌਕੇ ਤੋਂ 303 ਰਾਈਫਲਾਂ ਅਤੇ ਇਕ ਵੱਡੀ ਬੰਦੂਕ ਬਰਾਮਦ ਕੀਤੀ ਗਈ ਹੈ। ਇਸ ਖ਼ਬਰ ਦੀ ਪੁਸ਼ਟੀ ਸੁਕਮਾ ਦੇ ਐਸਪੀ ਸ਼ਲਭ ਸਿਨਹਾ ਨੇ ਕੀਤੀ ਹੈ।
ਪੁਲਿਸ ਇੰਸਪੈਕਟਰ ਜਨਰਲ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਇਹ ਗੋਲੀਬਾਰੀ ਸਵੇਰੇ 9: 30 ਵਜੇ ਦੇ ਕਰੀਬ ਜਾਗਰਗੁੰਡਾ ਥਾਣੇ ਦੀ ਸੀਮਾ ਅਧੀਨ ਇੱਕ ਜੰਗਲ ਵਿੱਚ ਹੋਈ। ਉਸ ਸਮੇਂ ਵੱਖ-ਵੱਖ ਸੁਰੱਖਿਆ ਬਲਾਂ ਦੀਆਂ ਸਾਂਝੀਆਂ ਟੀਮਾਂ ਨਕਸਲੀ ਵਿਰੋਧੀ ਮੁਹਿੰਮ ਲਈ ਬਾਹਰ ਨਿਕਲੀਆਂ ਸਨ।
ਉਨ੍ਹਾਂ ਕਿਹਾ ਕਿ ਜਾਗਰਗੁੰਡਾ ਦੇ ਅੰਦਰੂਨੀ ਇਲਾਕਿਆਂ ਵਿੱਚ ਨਕਸਲੀਆਂ ਦੀ ਸਥਿਤੀ ਬਾਰੇ ਖਾਸ ਖਬਰਾਂ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਅਤੇ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ ਸਮੇਤ ਵੱਖ-ਵੱਖ ਸੁਰੱਖਿਆ ਬਲਾਂ ਦੀਆਂ ਸਾਂਝੀਆਂ ਟੁਕੜੀਆਂ ਨੇ ਕਾਰਵਾਈ ਸ਼ੁਰੂ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਇਕ ਗਸ਼ਤ ਕਰਨ ਵਾਲੀ ਟੀਮ ਰਾਜਧਾਨੀ ਰਾਏਪੁਰ ਤੋਂ 450 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਫੁਲਮਪਾਰ ਪਿੰਡ ਨੇੜੇ ਜੰਗਲ ਵਿਚ ਸੀ, ਤਾਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ।
ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਬੰਦ ਹੋਣ ਤੋਂ ਬਾਅਦ, ਮੌਕੇ ਤੋਂ 4 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਕੋਲੋਂ 303 ਰਾਈਫਲ, ਭਾਰੀ ਮਾਤਰਾ ਵਿੱਚ ਦੇਸੀ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ।