ਟਿਕ ਟੌਕ ਕਾਰਨ ਤਿੰਨ ਹੈਲਥ ਵਰਕਰਾਂ ਦੀ ਗਈ ਨੌਕਰੀ - ਤੇਲੰਗਾਨਾ
ਤੇਲੰਗਾਨਾ 'ਚ ਤਿੰਨ ਹੈਲਥ ਵਰਕਰਾਂ ਨੂੰ ਟਿਕ ਟੌਕ ਵੀਡੀਓ ਬਣਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਤਿੰਨਾਂ ਨੇ ਡਿਊਟੀ ਦੌਰਾਨ ਇੱਕ ਗਾਣੇ 'ਤੇ ਵੀਡੀਓ ਬਣਾਈ ਸੀ।
ਹੈਦਰਾਬਾਦ: ਤੇਲੰਗਾਨਾ ਦੇ ਸਿਹਤ ਵਿਭਾਗ 'ਚ ਤਾਇਨਤਾਨ ਤਿੰਨ ਮਹਿਲਾ ਕਰਮਚਾਰੀਆਂ ਨੂੰ ਟਿਕ ਟੌਕ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਦਫ਼ਤਰ 'ਚ ਕੰਮਕਾਜ ਛੱਡ ਕੇ ਵੀਡੀਓ ਬਣਾਉਣ ਵਾਲੀਆਂ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸਿਹਤ ਵਿਭਾਗ 'ਚ ਕੰਮ ਕਰਨ ਵਾਲੀਆਂ ਇਨ੍ਹਾਂ ਤਿੰਨ ਲੜਕੀਆਂ 'ਚੋਂ ਦੋ ਜੂਨੀਅਰ ਸਹਾਇਕ ਨੇ ਤੇ ਇੱਕ ਲੈਬ ਅਟੈਂਡੈਂਟ ਹੈ। ਆਪਣੀਆਂ ਮਾਤਾਵਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਉਨ੍ਹਾਂ ਦੀ ਥਾਂ 'ਤੇ ਨੌਕਰੀ ਦਿੱਤੀ ਗਈ ਸੀ।
ਟਿਕ ਟੌਕ ਵੀਡੀਓ 'ਚ ਤਿੰਨੋਂ ਇੱਕ ਗਾਣੇ 'ਤੇ ਡਾਂਸ ਕਰ ਰਹੀਆਂ ਹਨ। ਇਹ ਵੀਡੀਓ ਵਾਇਰਲ ਹੋ ਗਈ ਜਿਸ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦੇ ਇੰਨਾ ਨੂੰ ਸਸਪੈਂਡ ਕਰ ਦਿੱਤਾ। ਤਿੰਨਾਂ ਨੇ ਹੋਰ ਵੀ ਕਈ ਵੀਡੀਓ ਬਣਾਈਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਇਥੇ ਫਿਜ਼ੀਓਥੈਰੇਪੀ ਦੀ ਟ੍ਰੇਨਿੰਗ ਲੈ ਰਹੇ ਦੋ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਗੁਜਰਾਤ 'ਚ ਵੀ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਥਾਣੇ 'ਚ ਵੀਡੀਓ ਬਣਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ।