ਨਵੀਂ ਦਿੱਲੀ: ਕੜਾਕੇ ਦੀ ਠੰਢ ਤੇ ਮੀਂਹ ਕਾਰਨ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀ ਹਾਲਤ ਵਿਗੜ ਰਹੀ ਹੈ। ਦਿੱਲੀ-ਹਰਿਆਣਾ ਦੇ ਕੁੰਢਲੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ 3 ਹੋਰ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਟਿੱਕਰੀ ਬਾਰਡਰ 'ਤੇ 18 ਸਾਲਾ ਨੌਜਵਾਨ ਦੀ ਮੌਤ
ਟਿੱਕਰੀ ਬਾਰਡਰ 'ਤੇ ਧਰਨੇ 'ਚ ਬੈਠੇ ਬਠਿੰਡਾ ਦੇ ਇੱਕ 18 ਸਾਲਾ ਨੌਜਵਾਨ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਪਿੰਡ ਚਾਓਕੇ, ਬਠਿੰਡਾ ਦੇ ਵਸਨੀਕ ਵਜੋਂ ਹੋਈ ਹੈ। ਜਸ਼ਨਪ੍ਰੀਤ ਸ਼ਨੀਵਾਰ ਸਵੇਰੇ ਹੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਟਿੱਕਰੀ ਬਾਰਡਰ ਪੁੱਜਿਆ ਸੀ ਕਿ ਕੁੱਝ ਸਮੇਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ, ਉਸ ਨੂੰ ਇਲਾਜ ਲਈ ਪੀਜੀਆਈ ਰੋਹਤਕ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਜ਼ੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਸ਼ਨਪ੍ਰੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੇ ਪਰਿਵਾਰ ਕੋਲ ਤਿੰਨ ਏਕੜ ਜ਼ਮੀਨ ਹੈ।
ਹਰਿਆਣਾ ਦੇ ਕੁੰਢਲੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ
ਕੁੰਢਲੀ ਬਾਰਡਰ 'ਤੇ ਅੰਦੋਲਨ ਦੌਰਾਨ ਸੋਨੀਪਤ ਦੇ ਪਿੰਡ ਗੰਗਾਨਾ ਦੇ ਰਹਿਣ ਵਾਲੇ ਕਿਸਾਨ ਕੁਲਬੀਰ ਦੀ ਮੌਤ ਹੋਈ ਹੈ, ਪਰ ਅਜੇ ਤੱਕ ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪਤ ਭੇਜ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਲਬੀਰ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਜਦੋਂ ਕਿ ਦੂਜੇ ਪਾਸੇ ਮ੍ਰਿਤਕ ਕੁਲਬੀਰ ਦੇ ਪਰਿਵਾਰ ਨੇ ਠੰਢ ਕਾਰਨ ਉਸ ਦੀ ਮੌਤ ਹੋਣ ਦੀ ਗੱਲ ਆਖੀ ਹੈ।
ਸੰਗਰੂਰ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ
ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਸੰਗਰੂਰ ਦੇ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਦੀ ਪਛਾਣ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਪਿੰਡ ਲਿਦਵਾਂ ਦੇ ਵਸਨੀਕ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ।
2 ਹੋਰ ਕਿਸਾਨਾਂ ਦੀ ਵਿਗੜੀ ਹਾਲਤ
ਕੁੰਡਲੀ ਬਾਰਡਰ 'ਤੇ ਧਰਨੇ ਵਿੱਚ ਬੈਠੇ ਦੋ ਹੋਰ ਕਿਸਾਨਾਂ ਦੀ ਠੰਢ ਕਾਰਨ ਸਿਹਤ ਵਿਗੜ ਗਈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਦੌਲਤ ਦੇ ਵਸਨੀਕ ਸਹਿੰਦਰ ਨੂੰ ਦਿਲ ਦਾ ਦੌਰ ਪਿਆ ਤੇ ਉਸ ਦੀ ਹਾਲਤ ਵਿਗੜ ਗਈ। ਧਰਨੇ 'ਚ ਸ਼ਾਮਲ ਪੰਜਾਬ ਦੇ ਇੱਕ ਦਿਵਿਆਂਗ ਕਿਸਾਨ ਸੱਜਣ ਦੀ ਵੀ ਤਬੀਅਤ ਖ਼ਰਾਬ ਹੋ ਗਈ। ਦੋਹਾਂ ਕਿਸਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।