ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦਿੱਲੀ ਵਿੱਚ ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ ਅਤੇ ਹੁਣ ਕੋਰੋਨਾ ਦਾ ਕਹਿਰ ਜੇਲ੍ਹ ਵਿੱਚ ਵੀ ਪਹੁੰਚ ਚੁੱਕਾ ਹੈ। ਪਾਲਮ ਅਸੈਂਬਲੀ ਦੇ ਸਾਬਕਾ ਕਾਂਗਰਸੀ ਵਿਧਾਇਕ ਮਹੇਂਦਰ ਯਾਦਵ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਹ 1984 ਸਿੱਖ ਨਸਲਕੁਸ਼ੀ ਮਾਮਲੇ ਦੇ ਦੋਸ਼ੀ ਸਨ ਤੇ ਮੰਡੌਲੀ ਜ਼ੇਲ 'ਚ ਸਜ਼ਾ ਕੱਟ ਰਹੇ ਸਨ।
1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਮਹੇਂਦਰ ਯਾਦਵ ਦੀ ਕੋਰੋਨਾ ਨਾਲ ਮੌਤ - Mahendra Yadav dies from Corona
1984 ਸਿੱਖ ਨਸਲਕੁਸ਼ੀ ਮਾਮਲੇ ਦੇ ਦੋਸ਼ੀ ਅਤੇ ਹਲਕਾ ਪਾਲਮ ਦੇ ਸਾਬਕਾ ਕਾਂਗਰਸੀ ਵਿਧਾਇਕ ਮਹੇਂਦਰ ਯਾਦਵ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਉਹ 2 ਸਾਲ ਤੋਂ ਮੰਡੌਲੀ ਜੇਲ੍ਹ 'ਚ ਸਜ਼ਾ ਕੱਟ ਰਹੇ ਸਨ।
ਜ਼ਿਕਰਯੋਗ ਹੈ ਕਿ ਮਹੇਂਦਰ ਯਾਦਵ ਬੀਤੇ 2 ਸਾਲ ਤੋਂ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ। ਮਹਾਂਮਾਰੀ ਕਾਰਨ ਸਥਿਤੀ ਗੰਭੀਰ ਹੋਣ ਤੋਂ ਬਾਅਦ ਮਹੇਂਦਰ ਯਾਦਵ ਨੂੰ ਲੋਕਨਾਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ 'ਚ ਕੋਈ ਸੁਧਾਰ ਨਾ ਵੇਖਦੇ ਹੋਏ 2 ਦਿਨ ਪਹਿਲਾਂ ਉਨ੍ਹਾਂ ਨੂੰ ਦੁਆਰਕਾ ਦੇ ਆਕਾਸ਼ ਹਸਪਤਾਲ ਲਿਜਾਇਆ ਗਿਆ ਸੀ। ਪਰ ਆਕਾਸ਼ ਹਸਪਤਾਲ 'ਚ ਮਹੇਂਦਰ ਯਾਦਵ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮੰਡੌਲੀ ਜੇਲ੍ਹ 'ਚ ਕੋਰੋਨਾ ਮਹਾਂਮਾਰੀ ਵਧਦੀ ਹੀ ਜਾ ਰਹੀ ਹੈ। 21 ਜੂਨ ਨੂੰ ਜੇਲ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਸੀ।
ਇਸ ਤੋਂ ਪਹਿਲਾ ਮਹੇਂਦਰ ਯਾਦਵ ਨੇ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਦੇਣ ਲਈ ਮੰਗ ਕੀਤੀ ਸੀ, ਪਰ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਯਾਦਵ ਨੇ ਕੋਰੋਨਾ ਵਾਇਰਸ ਨਾਲ ਪੌਜ਼ੀਟਿਵ ਹੋਣ ਅਤੇ ਜ਼ਿਆਦਾ ਉਮਰ ਹੋਣ ਦੀ ਗੱਲ ਆਖ ਕੇ ਕੋਰਟ ਕੋਲੋਂ ਜ਼ਮਾਨਤ ਦੀ ਮੰਗ ਕੀਤੀ ਸੀ।