ਨਵੀਂ ਦਿੱਲੀ: ਜਿੱਥੇ ਸਾਰਾ ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ ਉੱਥੇ ਹੀ ਬਿਨ੍ਹਾਂ ਕਿਸੇ ਸਵਾਰਥ ਦੇ ਦੇਸ਼ ਦੀ ਸੇਵਾ ਕਰਨ ਵਾਲੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਵੀ 116ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਲਾਲ ਬਹਾਦਰ ਸ਼ਾਸਤਰੀ ਦਾ ਜੀਵਨ ਅੱਜ ਦੀ ਪੀੜੀ ਨੂੰ ਇਮਾਨਦਾਰੀ, ਇਕਜੁੱਟਤਾ ਅਤੇ ਸਾਦਗੀ ਨਾਲ ਰਹਿਣ ਦਾ ਸੁਨੇਹਾ ਦਿੰਦਾ ਹੈ।
ਵਾਰਾਨਸੀ ਦੇ ਮੁਗਲਸਰਾਏ 'ਚ ਹੋਇਆ ਜਨਮ
ਲਾਲ ਬਹਾਦਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲਸਰਾਏ ਵਿੱਚ ਹੋਇਆ। ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਸਿਰਫ਼ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ। ਗਰੀਬੀ ਅਤੇ ਮੁਸ਼ਕਲ ਵਿੱਚ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿੱਚ ਦਾਖ਼ਲਾ ਲਿਆ।
ਦੇਸ਼ ਸੇਵਾ ਲਈ ਮਹਾਤਮਾ ਗਾਂਧੀ ਤੋਂ ਮਿਲੀ ਪ੍ਰੇਰਣਾ
ਜਦੋਂ 1921 ਵਿੱਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ਼ 17 ਸਾਲ ਦੀ ਉਮਰ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਭਰੀ ਸਭਾ ਵਿੱਚ ਖੜ੍ਹੇ ਹੋ ਕੇ ਆਪਣੇ ਆਪ ਨੂੰ ਦੇਸ਼ ਹਿੱਤ ਲਈ ਸੌਂਪ ਦੇਣ ਦੀ ਘੋਸ਼ਣਾ ਕਰ ਦਿੱਤੀ। ਪੜ੍ਹਾਈ ਨੂੰ ਛੱਡ ਉਨ੍ਹਾਂ ਨੇ ਰਾਸ਼ਟਰੀ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਢਾਈ ਸਾਲ ਲਈ ਜੇਲ੍ਹ ਵਿੱਚ ਬੰਦ ਰਹੇ। ਇਸ ਮਗਰੋਂ ਉਨ੍ਹਾਂ ਕਾਸ਼ੀ ਵਿਦਿਆਪੀਠ ਵਿਖੇ ਦਾਖਲਾ ਲਿਆ। ਉਥੇ ਸ਼ਾਸਤਰੀ ਦੀ ਮੁਲਾਕਾਤ ਡਾ. ਭਗਵਾਨ ਦਾਸ, ਆਚਾਰੀਆ ਕ੍ਰਿਪਲਾਨੀ, ਸ੍ਰੀਪ੍ਰਕਾਸ਼ ਅਤੇ ਡਾ. ਸੰਪੂਰਨਾਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਨੇ ਰਾਜਨੀਤੀ ਦੀ ਸਿੱਖਿਆ ਤਾਂ ਪ੍ਰਾਪਤ ਕੀਤੀ ਹੀ, ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਪਾਈ ਅਤੇ ਲਾਲ ਬਹਾਦਰ ਤੋਂ ਲਾਲ ਬਹਾਦਰ ਸ਼ਾਸਤਰੀ ਬਣ ਗਏ।
ਲਾਲ ਬਹਾਦੁਰ ਸ਼ਾਸਤਰੀ ਹਰ ਉਸ ਨੌਜਵਾਨ ਲਈ ਵੀ ਪ੍ਰੇਰਣਾ ਦਾ ਸਰੋਤ ਹਨ ਜੋ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਨਾਲ ਜੀ ਰਿਹਾ ਹੈ। ਆਪਣੇ ਜੀਵਨ ਵਿੱਚ ਘੱਟ ਸੁਵਿਧਾਵਾਂ ਦੇ ਚਲਦੇ ਵੀ ਉਨ੍ਹਾਂ ਆਪਣੀ ਪੜਾਈ ਪੂਰੀ ਕੀਤੀ ਅਤੇ ਸਾਰਾ ਜੀਵਨ ਗਰੀਬਾਂ ਦੀ ਸੇਵਾ ਨੂੰ ਸਮਰਪਿਤ ਕੀਤਾ।
ਪੀਐਮ ਮੋਦੀ ਨੇ ਭੇਟ ਕੀਤੀ ਸ਼ਰਧਾਂਜਲੀ
ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਘਾਟ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।