ਨਵੀਂ ਦਿੱਲੀ: ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤੇ ਗਏ ਸੰਜੇ ਝਾਅ ਦੇ ਇੱਕ ਟਵੀਟ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਝਾਅ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਨੇਤਾ ਉੱਚ ਲੀਡਰਸ਼ਿਪ ਤੋ ਨਾਰਾਜ਼ ਹਨ ਅਤੇ ਉਨ੍ਹਾਂ ਨੇ ਇਸ ਨੂੰ ਲੈ ਕੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਵੀ ਲਿਖਿਆ ਹੈ। ਕਾਂਗਰਸ ਨੇ ਝਾਅ ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਦੱਸਣਯੋਗ ਹੈ ਕਿ ਪਾਰਟੀ ਨੇ ਕੁੱਝ ਸਮੇਂ ਪਹਿਲਾਂ ਐਲਾਨ ਕੀਤਾ ਸੀ ਕਿ ਪਾਰਟੀ ਦੇ ਪ੍ਰਧਾਨ ਦੀ ਚੋਣ ਹੋਣ ਤੱਕ ਸੋਨੀਆ ਗਾਂਧੀ ਅੰਤ੍ਰਿਮ ਪ੍ਰਧਾਨ ਬਣੇ ਰਹਿਣਗੇ।
ਹਾਲਾਂਕਿ ਸੰਜੇ ਝਾਅ ਦੇ ਟਵੀਟ ਨੇ ਮੀਡੀਆ ਨੂੰ ਇੱਕ ਨਵਾਂ ਮੁੱਦਾ ਦੇਣ ਦਾ ਕੰਮ ਕੀਤਾ ਹੈ। ਸੰਜੇ ਝਾਅ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਸੰਸਦ ਮੈਂਬਰਾਂ ਸਮੇਤ ਲਗਭਗ 100 ਕਾਂਗਰਸੀ ਆਗੂ ਪਾਰਟੀ ਦੇ ਅੰਦਰੂਨੀ ਮਾਮਲਿਆਂ ਤੋਂ ਦੁਖੀ ਹਨ।
ਸੰਜੇ ਝਾਅ ਨੇ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਇਨ੍ਹਾਂ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਨੇਤਾਵਾਂ ਨੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਵਿੱਚ ਪਾਰਦਰਸ਼ੀ ਚੋਣਾਂ ਦੀ ਮੰਗ ਨੂੰ ਵੀ ਅੱਗੇ ਰੱਖਿਆ ਹੈ।
ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਸੰਜੇ ਝਾਅ ਨੂੰ ਪਾਰਟੀ ਤੋਂ ਹਟਾ ਦਿੱਤਾ ਹੈ। ਹਾਲ ਹੀ ਵਿੱਚ ਸੰਜੇ ਝਾਅ, ਜਿਸ ਨੂੰ ਕਾਂਗਰਸ ਦੇ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਨੇ ਰਾਜਸਥਾਨ ਵਿੱਚ ਆਪਣੀ ਪਾਰਟੀ ਵਿੱਚ ਰਾਜਨੀਤਿਕ ਸੰਕਟ ਦੇ ਹੱਲ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਸੀ ਕਿ ਸਚਿਨ ਪਾਇਲਟ ਨੂੰ ਰਾਜਸਥਾਨ ਵਿੱਚ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ, ਇਸ ਮਾਮਲੇ 'ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫੇਸਬੁੱਕ ਬੀਜੇਪੀ ਲਿੰਕ ਤੋਂ ਧਿਆਨ ਹਟਾਉਣ ਲਈ ਭਾਜਪਾ ਦੀ ਇੱਕ ਚਾਲ ਹੈ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, "ਬੀਜੇਪੀ-ਆਰਐਸਐਸ ਭਾਰਤ 'ਚ ਫੇਸਬੁੱਕ ਅਤੇ ਵੱਟਸਐਪ ਨੂੰ ਕੰਟਰੋਲ ਕਰਦਾ ਹੈ। ਇਸ ਦੇ ਜ਼ਰੀਏ ਉਹ ਝੂਠੀ ਖ਼ਬਰਾਂ ਅਤੇ ਨਫ਼ਰਤ ਫੈਲਾ ਕੇ ਵੋਟਰਾਂ ਨੂੰ ਲੁਭਾਉਂਦੇ ਹਨ। ਆਖਰਕਾਰ, ਅਮਰੀਕੀ ਮੀਡੀਆ ਨੇ ਫੇਸਬੁੱਕ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ।"