10 ਕੇਂਦਰੀ ਟਰੇਡ ਯੂਨੀਅਨ ਨੇ ਕੀਤਾ ਭਾਰਤ ਬੰਦ, ਦੁੱਧ, ਸਬਜ਼ੀਆਂ ਦੀ ਸਪਲਾਈ ਵੀ ਹੋਵੇਗੀ ਪ੍ਰਭਾਵਿਤ - ਕੇਂਦਰੀ ਟਰੇਡ ਯੂਨੀਅਨਾਂ ਦੀ ਹੜਤਾਲ
ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨ ਦੇਸ਼ ਵਿਆਪੀ ਹੜਤਾਲ 'ਤੇ ਹਨ, ਜਿਸ ਦੇ ਨਤੀਜੇ ਵਜੋਂ ਪੰਜਾਬ ਚ ਬੱਸਾਂ ਦਾ ਚੱਕਾ ਜਾਮ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹੜਤਾਲ ਦਾ ਅਸਰ ਦੁੱਧ, ਸਬਜ਼ੀਆਂ ਦੀ ਸਪਲਾਈ ਤੇ ਵੀ ਪਵੇਗਾ।
ਨਵੀਂ ਦਿੱਲੀ: ਕੇਂਦਰੀ ਟਰੇਡ ਯੂਨੀਅਨਾਂ ਨੇ ਮਜ਼ਦੂਰ ਸੁਧਾਰ, ਵਿਦੇਸ਼ੀ ਸਿੱਧੇ ਨਿਵੇਸ਼ ਤੇ ਨਿਜੀਕਰਨ ਵਰਗੀਆਂ ਕੇਂਦਰੀ ਨੀਤੀਆਂ ਵਿਰੁੱਧ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਦੇਸ਼ ਵਿਆਪੀ ਹੜਤਾਲ ਸਵੇਰੇ ਛੇ ਵਜੇ ਤੋਂ ਸ਼ੁਰੂ ਹੋ ਗਈ ਹੈ।
ਇਸ ਹੜਤਾਲ ਨਾਲ ਬੈਂਕਾਂ ’ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਜਿਸ ਬੈਂਕ ਬ੍ਰਾਂਚ ਦੇ ਮੁਲਾਜ਼ਮ ਹੜਤਾਲ ਦੀ ਹਮਾਇਤ ਕਰਨਗੇ, ਉੱਥੇ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਏਟੀਐੱਮ ’ਚ ਵੀ ਪੈਸਿਆਂ ਦੀ ਕਿੱਲਤ ਹੋ ਸਕਦੀ ਹੈ। ਭਾਵੇਂ ਬੀਤੇ ਦਿਨੀਂ ਸਟੇਟ ਬੈਂਕ ਆੱਫ਼ ਇੰਡੀਆ ਵੱਲੋਂ ਕਿਹਾ ਗਿਆ ਕਿ ਹੜਤਾਲ ’ਚ ਭਾਗ ਲੈਣ ਵਾਲੀਆਂ ਯੂਨੀਅਨਾਂ ’ਚ ਸਾਡੇ ਬੈਂਕ ਮੁਲਾਜ਼ਮਾਂ ਦੀ ਮੈਂਬਰਸ਼ਿਪ ਬਹੁਤ ਘੱਟ ਹੈ। ਇੰਝ ਬੈਂਕ ਦੇ ਕੰਮਕਾਜ ਉੱਤੇ ਹੜਤਾਲ ਦਾ ਅਸਰ ਘੱਟ ਤੋਂ ਘੱਟ ਹੋਵੇਗਾ। ਇਸ ਤੋਂ ਇਲਾਵਾ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਕਿਸਾਨ ਜੱਥੇਬੰਦੀਆਂ ਦੇ ਐਲਾਨ ਮੁਤਾਬਕ ਅੱਜ ਕਿਸਾਨ ਸ਼ਹਿਰਾਂ ’ਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਨਹੀਂ ਕਰਨਗੇ।
ਦੂਜੇ ਪਾਸੇ, ਪਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਰਮਚਾਰੀਆਂ ਨੂੰ ਹੜਤਾਲ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਹੜਤਾਲ ‘ਤੇ ਜਾਂਦਾ ਹੈ ਤਾਂ ਉਸ ਦਾ ਨਤੀਜਾ ਉਸ ਨੂੰ ਭੁਗਤਣਾ ਪਏਗਾ। ਤਨਖਾਹ ਕਟੌਤੀ ਕਰਨ ਤੋਂ ਇਲਾਵਾ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਦੇਸ਼ ਪੱਧਰੀ ਹੜਤਾਲ ’ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਆੱਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ ਤੇ ਬੈਂਕ ਕਰਮਚਾਰੀ ਸੈਨਾ ਮਹਾਂਸੰਘ ਜਿਹੀਆਂ ਬੈਂਕ ਯੂਨੀਅਨਾਂ ਸ਼ਾਮਲ ਹੋਣਗੀਆਂ।