ਕੰਨੌਜ: ਜ਼ਿਲ੍ਹੇ ਦੇ ਜੀਟੀ ਰੋਡ 'ਤੇ ਪਿੰਡ ਘਿਲੋਯ ਦੇ ਨੇੜੇ ਇੱਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਡੀਜ਼ਲ ਟੈਂਕ ਫਟ ਗਿਆ ਤੇ ਅੱਗ ਲੱਗ ਗਈ। ਅੱਗ ਨੇ ਬੱਸ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ 20 ਗੰਭੀਰ ਰੂਪ 'ਚ ਜ਼ਖਮੀ ਹਨ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ ਹੈ, "ਮੈਨੂੰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ ਤੇ ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕੰਨੌਜ ਸੜਕ ਹਾਦਸੇ ਉੱਤੇ ਦੁੱਖ ਪ੍ਰਗਟਾਇਆ ਹੈ।
ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਡੀਐੱਮ ਸਮੇਤ ਵੱਡੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਸਖ਼ਤ ਨਿਰਦੇਸ਼ ਦਿੱਤੇ ਹਨ। ਰਾਤ ਕਰੀਬ ਇੱਕ ਵਜੇ ਆਈਜੀ ਤੇ ਕਮਿਸ਼ਨਰ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਆਈਜੀ ਮੋਹਿਤ ਅਗਰਵਾਲ ਨੇ 8 ਲੋਕਾਂ ਦੇ ਜਿਉਂਦੇ ਸੜਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆਂ ਕਿ ਲਾਸ਼ਾਂ ਦਾ ਡੀਐਨਏ ਟੈਸਟ ਕਰਵਾ ਕੇ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੌਕੇ 'ਤੋ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਬੱਸ ਨੂੰ ਅੱਗ ਲੱਗੀ ਬੱਸ 'ਚ 60 ਦੇ ਕਰੀਬ ਲੋਕ ਸਨ। ਤਕਰੀਬਨ 12-15 ਯਾਤਰੀਆਂ ਨੇ ਬੱਸ ਵਿਚੋਂ ਛਾਲ ਮਾਰ ਕੇ ਜਾਨ ਬਚਾਈ।
ਦਰਅਸਲ, ਫਰੂਖ਼ਾਬਾਦ ਤੋਂ ਚੱਲ ਕੇ ਗੁਰਸਹਾਏਗੰਜ ਤੋਂ ਬੱਸ ਲਗਭਗ 26 ਕਿਲੋਮੀਟਰ ਹੀ ਚੱਲੀ ਸੀ ਕਿ ਛਿਬਰਾਮਊ ਤੋਂ ਪੰਜ ਕਿਲੋਮੀਟਰ ਅੱਗੇ ਜੀਟੀ ਰੋਡ 'ਤੇ ਪਿੰਡ ਘਿਲੋਈ ਕੋਲ ਦਿੱਲੀ ਤੋਂ ਆ ਰਹੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋ ਗਈ। ਟਰੱਕ ਦਾ ਡੀਜ਼ਲ ਟੈਂਕ ਫੱਟ ਗਿਆ ਤੇ ਅੱਗ ਲੱਗ ਗਈ। ਅੱਗ ਨੇ ਬੱਸ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਹਾਦਸਾ ਇੰਨ੍ਹਾ ਭਿਆਨਕ ਸੀ ਕਿ ਸਲੀਪਰ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਕਿਸੇ ਤਰ੍ਹਾਂ ਲਗਭਗ ਦਰਜਨ ਭਰ ਲੋਕਾਂ ਤੋਂ ਵੱਧ ਸਵਾਰੀਆਂ ਨੇ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਛਾਲਾਂ ਮਾਰੀਆਂ ਤੇ ਆਪਣੀ ਜਾਨ ਬਚਾਈ।
ਇਸ ਤੋਂ ਇਲਾਵਾ ਕੁਸ਼ੀਨਗਰ ਵਿੱਚ ਵੀ ਅੱਜ ਸਵੇਰੇ ਠੰਡ ਦੇ ਚੱਲਦਿਆਂ ਛੋਟੇ ਬੱਚਿਆਂ ਦੀ ਇਕ ਸਕੂਲ ਬੱਸ ਨਹਿਰ ਵਿੱਚ ਜਾ ਡਿੱਗੀ। ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਸ ਵਿਚ 27 ਬੱਚੇ ਸਨ, ਜਿਨ੍ਹਾਂ ਵਿਚੋਂ 10 ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਸਥਾਨਕ ਸੀਐੱਚਸੀ ਕਪਤਾਨਗੰਜ ਵਿਖੇ ਜ਼ੇਰੇ ਇਲਾਜ ਹਨ।