ਸ਼੍ਰੀਨਗਰ/ਪੁਲਵਾਮਾ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਤੋਂ ਆਪਣੀ 'ਭਾਰਤ ਜੋੜੋ ਯਾਤਰਾ' ਮੁੜ ਸ਼ੁਰੂ ਕੀਤੀ। ਇਸ ਦੌਰਾਨ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਆਪਣੀ ਬੇਟੀ ਇਲਤਿਜਾ ਮੁਫਤੀ ਨਾਲ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਲੇਥਪੁਰਾ 'ਚ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ। ਸਖ਼ਤ ਸੁਰੱਖਿਆ ਦਰਮਿਆਨ ਪ੍ਰਿਅੰਕਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਪਦਯਾਤਰਾ ਕੀਤੀ। ਇਸ ਤੋਂ ਬਾਅਦ ਯਾਤਰਾ ਆਰਾਮ ਕਰਨ ਲਈ ਲੈਥਪੁਰਾ ਵਿਖੇ ਰੁਕੀ।
'ਭਾਰਤ ਜੋੜੋ ਯਾਤਰਾ' ਦੇ ਆਖਰੀ ਪੜਾਅ ਦੇ ਹਿੱਸੇ ਵਜੋਂ ਘਾਟੀ 'ਚ ਪਹੁੰਚੇ ਰਾਹੁਲ ਨੇ ਪੁਲਵਾਮਾ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਉਸ ਸਥਾਨ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿੱਥੇ ਚਾਰ ਸਾਲ ਪਹਿਲਾਂ ਫਰਵਰੀ 2019 'ਚ ਜੈਸ਼-ਏ. ਮੁਹੰਮਦ ਆਤਮਘਾਤੀ ਹਮਲਾਵਰਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਲੇ ਵਿੱਚ ਸ਼ਾਮਿਲ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਈ ਸੀ। 'ਭਾਰਤ ਜੋੜੋ ਯਾਤਰਾ' ਸ਼ਨਿਚਰਵਾਰ ਦਾ ਪੰਥਾ ਚੌਂਕ ਵਿਖੇ ਰਾਤ ਰੁਕਣ ਦਾ ਪ੍ਰੋਗਰਾਮ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਪਾਰਟੀ ਨੇ ਸੁਰੱਖਿਆ ਵਿੱਚ ਕਮੀਆਂ ਦੇ ਦੋਸ਼ਾਂ ਤੋਂ ਬਾਅਦ ਅਨੰਤਨਾਗ ਜ਼ਿਲ੍ਹੇ ਵਿੱਚ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ। ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਨਾਲ ਨਾਕਾਮ ਰਹੇ ਹਨ। ਦੋਸ਼ਾਂ 'ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਮੀਦ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਕਾਰਨ ਸੁਰੱਖਿਆ ਸਾਧਨਾਂ 'ਤੇ ਦਬਾਅ ਵਧਿਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਰਾਹੁਲ ਗਾਂਧੀ ਦੇ ਦੌਰੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ।
ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਬਲਾਂ ਨੇ ਯਾਤਰਾ ਦੇ ਸ਼ੁਰੂਆਤੀ ਸਥਾਨ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਸੀ। ਸਿਰਫ਼ ਅਧਿਕਾਰਤ ਵਾਹਨਾਂ ਅਤੇ ਪੱਤਰਕਾਰਾਂ ਨੂੰ ਹੀ ਸਮਾਗਮ ਵਾਲੀ ਥਾਂ 'ਤੇ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਸੀ। ਰਾਹੁਲ ਦੇ ਆਲੇ-ਦੁਆਲੇ ਤਿੰਨ ਪੱਧਰੀ ਸੁਰੱਖਿਆ ਘੇਰਾ ਹੈ। 'ਭਾਰਤ ਜੋੜੋ ਯਾਤਰਾ' ਦਾ ਦੱਖਣੀ ਕਸ਼ਮੀਰ ਦੇ ਜ਼ਿਲੇ ਦੇ ਚੁਰਸੂ ਇਲਾਕੇ 'ਚ ਉਤਸ਼ਾਹੀ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ। ਤਿਰੰਗਾ ਅਤੇ ਪਾਰਟੀ ਦਾ ਝੰਡਾ ਲੈ ਕੇ ਰਾਹੁਲ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਅਤੇ ਸਮਰਥਕ ਇਕੱਠੇ ਹੋਏ। ਸਾਬਕਾ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਸਫੇਦ ਟੀ-ਸ਼ਰਟ ਪਾ ਕੇ ਸਵੇਰੇ 9.20 ਵਜੇ ਯਾਤਰਾ ਸ਼ੁਰੂ ਕੀਤੀ, ਪਰ ਉਨ੍ਹਾਂ ਨੇ ਟੀ-ਸ਼ਰਟ ਦੇ ਉੱਪਰ ਅੱਧੀ ਜੈਕਟ ਪਾਈ ਹੋਈ ਸੀ।