ਚੰਡੀਗੜ੍ਹ: ਅੰਮ੍ਰਿਤਸਰ ਦੀ ਨਮਕ ਮੰਡੀ ਦੇ ਜੰਮਪਲ ਤੇ ‘ਭਜਨ ਸਮਰਾਟ’ ਵਜੋਂ ਜਾਣੇ ਜਾਂਦੇ 80 ਸਾਲਾਂ ਨਰਿੰਦਰ ਚੰਚਲ ਦਾ ਨਵੀਂ ਦਿੱਲੀ ’ਚ ਦੇਹਾਂਤ ਹੋ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਜਾਣਕਾਰੀ ਅਨੁਸਾਰ ਨਰਿੰਦਰ ਚੰਚਲ ਲੰਬੇ ਸਮੇਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਸਨ।
'ਭਜਨ ਸਮਰਾਟ’ ਨਰਿੰਦਰ ਚੰਚਲ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਆਪਣਾ ਦੁੱਖ ਪ੍ਰਗਟ ਕੀਤਾ...
ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ, 1940 ਨੂੰ ਹੋਇਆ ਸੀ ਤੇ ਉਨ੍ਹਾਂ ਦੀ ਪਰਵਰਿਸ਼ ਧਾਰਮਿਕ ਮਾਹੌਲ ’ਚ ਹੋਈ ਸੀ। ਉਨ੍ਹਾਂ ਭਜਨ, ਮਾਤਾ ਦੀਆਂ ਭੇਟਾਂ ਤੇ ਆਰਤੀਆਂ ਗਾ ਕੇ ਖ਼ੂਬ ਨਾਂਅ ਖੱਟਿਆ। ਉਨ੍ਹਾਂ ਦੇ ਗੀਤ ‘ਬੇਸ਼ੱਕ ਮੰਦਰ – ਮਸਜਿਦ ਤੋੜੋ, ਬੁੱਲ੍ਹੇ ਸ਼ਾਹ ਹੈ ਕਹਿਤਾ ਪਰ ਪਿਆਰ ਭਰਾ ਦਿਲ ਕਭੀ ਨਾ ਤੋੜੋ…’ ਬਹੁਤ ਹਿੱਟ ਹੋਏ ਸਨ।
ਅਮਰੀਕੀ ਸੂਬੇ ਜਾਰਜੀਆ ਨੇ ਸਤਿਕਾਰ ਵਜੋਂ ਨਰਿੰਦਰ ਚੰਚਲ ਨੂੰ ਆਨਰੇਰੀ ਨਾਗਰਿਕਤਾ ਵੀ ਦਿੱਤੀ ਸੀ। ਨਰਿੰਦਰ ਚੰਚਲ ਦੀ ਇੱਕ ਸਵੈ ਜੀਵਨੀ ‘ਮਿਡਨਾਈਟ ਸਿੰਗਰ’ ਵੀ ਰਿਲੀਜ਼ ਹੋ ਚੁੱਕੀ ਹੈ, ਜਿਸ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਹੀ ਨਹੀਂ, ਸਗੋਂ ਸੰਘਰਸ਼ਾਂ ਦਾ ਵੀ ਜ਼ਿਕਰ ਹੈ।
ਮਾਤਾ ਦੀਆਂ ਭੇਟਾਂ ਦੇ ਤਾਂ ਉਹ ਬਾਦਸ਼ਾਹ ਸਨ। ਨਰਿੰਦਰ ਚੰਚਲ ਦਾ ਮੁਹੰਮਦ ਰਫ਼ੀ ਨਾਲ ਗਾਇਆ ਧਾਰਮਿਕ ਗੀਤ ‘ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏਲ ਤੇ ਮੈਂ ਆਇਆ ਮੈਂ ਆਇਆ ਸ਼ੇਰਾਂ ਵਾਲੀਏ…’ ਅੱਜ ਵੀ ਬੱਚੇ–ਬੱਚੇ ਦੀ ਜ਼ੁਬਾਨ ਉੱਤੇ ਹੈ।