ਨਵੀਂ ਦਿੱਲੀ: ਦਿਵਾਲੀ ਤੋਂ ਪਹਿਲਾਂ ਪੈਟਰੋਲੀਅਮ ਕੰਪਨੀਆਂ ਨੇ ਮਹਿੰਗਾਈ ਨੂੰ ਲੈਕੇ ਵੱਡਾ ਝਟਕਾ ਦਿੱਤਾ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 264 ਰੁਪਏ ਦਾ ਭਾਰੀ ਵਾਧਾ ਹੋਇਆ ਹੈ। ਇਸ ਵਾਧੇ ਨਾਲ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19.2 ਕਿਲੋ ਵਾਲਾ ਵਪਾਰਕ ਸਿਲੰਡਰ (LPG commercial Cylinder) 2000.5 ਰੁਪਏ ਦਾ ਹੋ ਗਿਆ ਹੈ।
ਹਾਲਾਂਕਿ, ਘਰੇਲੂ ਵਰਤੋਂ ਲਈ 14.2 ਕਿਲੋ ਦੇ ਐਲਪੀਜੀ ਸਿਲੰਡਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ 6 ਅਕਤੂਬਰ, 2021 ਨੂੰ ਕੀਤੀ ਗਈ ਸਮੀਖਿਆ ਦੇ ਮੁਤਾਬਿਕ ਦਿੱਲੀ ਵਿੱਚ 19.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਸਿਰਫ 1736.50 ਰੁਪਏ ਸੀ, ਪਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਯਾਨੀ ਅੱਜ 1 ਨਵੰਬਰ, 2021 ਨੂੰ ਇਸ ਵਿੱਚ 264 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਿਕ ਹੁਣ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 2000.50 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ 19.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 2073.5 ਰੁਪਏ, ਮੁੰਬਈ ਵਿੱਚ 1950 ਰੁਪਏ ਅਤੇ ਲਖਨਊ ਵਿੱਚ 2093 ਰੁਪਏ ਹੋ ਗਈ ਹੈ।
ਖਾਣਾ-ਪੀਣਾ ਹੋਵੇਗਾ ਮਹਿੰਗਾ
ਇਸਦੀ ਵਜ੍ਹਾਂ ਤੋਂ ਰੈਸਟੋਰੈਂਟ ਦਾ ਖਾਣਾ-ਪੀਣਾ ਬਹੁਤ ਮਹਿੰਗਾ ਹੋ ਜਾਵੇਗਾ। ਦੱਸਣਯੋਗ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ, ਸਰ੍ਹੋਂ ਦੇ ਤੇਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਰੈਸਟੋਰੈਂਟ ਵਾਲੇ ਪਹਿਲਾਂ ਹੀ ਕਾਫੀ ਪਰੇਸ਼ਾਨ ਹਨ। ਹੁਣ ਉਨ੍ਹਾਂ ਨੂੰ ਰਸੋਈ ਗੈਸ ਸਿਲੰਡਰ ਦੀ ਮਹਿੰਗਾਈ ਕਾਰਨ ਖਾਣ-ਪੀਣ ਦੀਆਂ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
100 ਰੁਪਏ ਤੋਂ ਜਿਆਦਾ ਦਾ ਨੁਕਸਾਨ
ਗੌਰਤਲਬ ਹੈ ਕਿ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਰਹੀ ਸੀ। ਹਾਲਾਂਕਿ ਤੇਲ ਕੰਪਨੀਆਂ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ ਅਜੇ ਵਾਧਾ ਨਾ ਕਰਕੇ ਕੁਝ ਰਾਹਤ ਦਿੱਤੀ ਹੈ ਪਰ ਬਾਅਦ 'ਚ ਇਨ੍ਹਾਂ 'ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਐਲਪੀਜੀ ਦੀਆਂ ਕੀਮਤਾਂ ਵਿੱਚ ਆਖਰੀ ਵਾਧਾ 6 ਅਕਤੂਬਰ ਨੂੰ ਕੀਤਾ ਗਿਆ ਸੀ। ਉਸ ਸਮੇਂ 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੁਲਾਈ ਤੋਂ ਹੁਣ ਤੱਕ ਇਸ ਦੀ ਕੀਮਤ 90 ਰੁਪਏ ਵਧ ਗਈ ਹੈ। ਸਬਸਿਡੀ 'ਤੇ ਸਰਕਾਰ ਇਕ ਸਾਲ 'ਚ ਇਕ ਪਰਿਵਾਰ ਨੂੰ ਸਿਰਫ 12 ਸਿਲੰਡਰ ਦਿੰਦੀ ਹੈ।
ਇਹ ਵੀ ਪੜੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਜਾਣੋ ਅੱਜ ਦੇ ਰੇਟ