ਬਠਿੰਡਾ: ਕਿਸਾਨਾਂ ਵੱਲੋਂ 6 ਮਹੀਨੇ ਖੂਨ-ਪਸੀਨਾ ਇੱਕ ਕਰ ਪੁੱਤਾਂ ਵਾਂਗ ਆਪਣੀ ਫ਼ਸਲ ਨੂੰ ਪਾਲਿਆ ਜਾਂਦਾ ਹੈ। ਕਿਸਾਨ ਨੂੰ ਇਹ ਆਸ ਹੁੰਦੀ ਹੈ ਕਿ ਉਹ ਆਪਣੀ ਫ਼ਸਲ ਨਾਲ ਆਪਣੇ ਪਰਿਵਾਰ ਦਾ ਢਿੱਡ ਭਰੇਗਾ ਅਤੇ ਖੁਸ਼ੀ ਨਾਲ ਆਪਣੇ ਬੱਚਿਆਂ ਨਾਲ ਰਹੇਗਾ। ਇਸੇ ਕਾਰਨ ਬੱਚਿਆਂ ਵਾਂਗ ਫ਼ਸਲ ਦਾ ਧਿਆਨ ਰੱਖਦਾ ਤੇ ਫ਼ਸਲ ਨੂੰ ਆੜ੍ਹਤੀ ਨੂੰ ਵੇਚਦਾ ਹੈ। ਜੇਕਰ ਆੜ੍ਹੀਤੇ ਵੱਲੋਂ ਹੀ ਉਸ ਦੇ ਅਰਮਾਨਾਂ ਦਾ ਕਤਲ ਕੀਤਾ ਜਾਵੇ ਤਾਂ ਫਿਰ ਕਿਸਾਨ ਕੀ ਕਰਨਗੇ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਆੜ੍ਹਤੀ ਵੱਲੋਂ ਹੀ ਕਿਸਾਨਾਂ ਨਾਲ 50 ਲੱਖ ਦੀ ਠੱਗੀ ਮਾਰੀ ਹੈ। ਇਸ ਦਾ ਇਨਸਾਫ਼ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਪੁਲਿਸ ਥਾਣਾ ਮੌੜ ਮੰਡੀ ਅੱਗੇ ਧਰਨਾ ਦਿੱਤਾ ਗਿਆ।
27 ਜੁਲਾਈ 2022 ਦਾ ਮਾਮਲਾ: ਕਿਸਾਨਾਂ ਦਾ ਕਹਿਣਾ ਕਿ ਕਿਸਾਨਾਂ ਵੱਲੋਂ ਇਸ ਠੱਗੀ ਦੀ ਸ਼ਿਕਾਇਤ 27 ਜੁਲਾਈ 2022 ਨੂੰ ਥਾਣਾ ਮੌੜ 'ਚ ਕੀਤੀ ਗਈ ਸੀ। ਆੜ੍ਹਤੀ ਅੰਮ੍ਰਿਤਪਾਲ ਬਾਂਸਲ ਨੇ ਪਿੰਡ ਸ਼ੇਖਪੁਰਾ ਦੇ ਕਿਸਾਨ ਗੁਰਤੇਜ ਸਿੰਘ, ਲਾਭ ਸਿੰਘ, ਜਗਸੀਰ ਸਿੰਘ ਨਾਲ ਹਾੜੀ-ਸਾਉਣੀ ਦੀ ਫ਼ਸਲ ਦੇ ਲੱਗਭਗ ਪੰਜਾਹ ਲੱਖ ਰੁਪਏ ਦੀ ਠੱਗੀ ਮਾਰੀ ਹੈ । ਇਸ ਮਾਮਲੇ ਤੋਂ ਬਾਅਦ ਆੜ੍ਹਤੀ ਅੰਮ੍ਰਿਤਪਾਲ ਬਾਂਸਲ ਖਿਲਾਫ਼ 420.120 ਬੀ 406 ਦੀਆਂ ਧਾਰਾਵਾਂ ਤਹਿਤ ਪਰਚਾ ਵੀ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਵੀ ਆੜ੍ਹਤੀ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ।ਕਿਸਾਨਾਂ ਨਾਲ ਲੁੱਟ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ ।ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।
ਕਿਸਾਨਾਂ ਦਾ ਪ੍ਰਸਾਸ਼ਨ 'ਤੇ ਇਲਜ਼ਾਮ:ਕਿਸਾਨਾਂ ਨੇ ਪ੍ਰਸਾਸ਼ਨ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਂਦੇ ਕਿਹਾ ਕਿ ਪ੍ਰਸ਼ਾਸਨ ਆੜ੍ਹਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਅਸੀਂ ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਐੱਸ.ਐੱਸ.ਪੀ. ਨਾਲ ਕਈ ਮੀਟਿੰਗਾਂ ਵੀ ਕਰ ਚੁੱਕੇ ਹਾਂ ਪਰ ਹਰ ਵਾਰ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਕੀਤਾ ਜਾਵੇਗਾ ਪਰ ਇਹ ਸਿਰਫ਼ ਗੱਲਾਂ ਹੀ ਹੁੰਦੀਆਂ ਹਨ। ਪੁਲਿਸ ਪ੍ਰਸ਼ਾਸਨ ਦੋਸ਼ੀਆਂ ਦਾ ਸ਼ਰੇਆਮ ਪੱਖ ਲੈ ਕੇ ਕੇਸ ਨੂੰ ਰਫ਼ਾ-ਦਫ਼ਾ ਕਰਨਾ ਚਾਹੁੰਦਾ ਹੈ।