ਨਵੀਂ ਦਿੱਲੀ:ਫਰਾਂਸ ਵਿੱਚ ਹਰ ਸਾਲ 14 ਜੁਲਾਈ ਨੂੰ 'ਬੈਸਟਿਲ ਡੇ' ਮਨਾਇਆ ਜਾਂਦਾ ਹੈ। ਬੈਸਟਿਲ ਡੇ ਫਰਾਂਸ ਦਾ ਰਾਸ਼ਟਰੀ ਦਿਨ ਹੈ। ਇਸ ਮੌਕੇ ਸ਼ਾਨਦਾਰ ਪਰੇਡ ਕੀਤੀ ਜਾਂਦੀ ਹੈ। 14 ਜੁਲਾਈ, 1789 ਬੈਸਟਿਲ ਦੇ ਪਤਨ ਦੀ ਯਾਦ ਦਿਲਾਉਂਦਾ ਹੈ, ਜੋ ਕਿ ਫੌਜੀ ਕਿਲ੍ਹੇ ਅਤੇ ਜੇਲ੍ਹ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੁੱਸੇ ਵਿੱਚ ਆਈ ਭੀੜ ਨੇ ਬੈਸਟਿਲ ਜੇਲ੍ਹ ਵਿੱਚ ਹਮਲਾ ਕਰ ਦਿੱਤਾ ਸੀ। ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਇਸ ਤੋਂ ਹੀ ਹੋਈ ਸੀ। ਮਿਸਾਲ ਵਜੋਂ ਭਾਰਤ ਦੀ ਆਜ਼ਾਦੀ ਵਿੱਚ 1857 ਦੇ ਵਿਰੋਧ ਦਾ ਜਿਨਾਂ ਮਹੱਤਵ ਹੈ, ਉਨਾਂ ਹੀ ਮਹੱਤਵ ਫਰਾਂਸ ਵਿੱਚ ਬੈਸਟਿਲ ਡੇ ਦਾ ਹੈ।
ਬੈਸਟਿਲ ਡੇ ਦਾ ਇਤਿਹਾਸ :ਬੈਸਟਿਲ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੱਧ ਯੁੱਗ ਦੇ ਇੱਕ ਕਿਲ੍ਹੇ ਅਤੇ ਜੇਲ੍ਹ ਦਾ ਨਾਮ ਹੈ। ਫ੍ਰੈਂਚ ਇਤਿਹਾਸਕਾਰਾਂ ਮੁਤਾਬਕ, ਬੈਸਟਿਲ ਨੂੰ ਸ਼ੁਰੂ ਵਿੱਚ ਇੱਕ ਕਿਲ੍ਹੇ ਦੇ ਰੂਪ ਵਜੋਂ ਬਣਾਇਆ ਗਿਆ ਸੀ, ਪਰ 17ਵੀਂ ਤੇ 18 ਵੀਂ ਸਦੀ ਵਿੱਚ ਇਸ ਨੂੰ ਰਾਜ ਦੀ ਜੇਲ੍ਹ ਵਜੋਂ ਵਰਤਿਆ ਗਿਆ। ਮੰਨਿਆ ਜਾਂਦਾ ਹੈ ਕਿ ਬੈਸਟਿਲ ਪੈਰਿਸ ਸ਼ਹਿਰ ਦਾ ਪੂਰਬੀ ਦਰਵਾਜ਼ਾ ਬਣ ਗਿਆ ਸੀ, ਜੋ ਸ਼ਹਿਰ ਦੀ ਰਾਖੀ ਲਈ ਵਰਤਿਆ ਜਾਂਦਾ ਰਿਹਾ। ਕਿਹਾ ਜਾਂਦਾ ਹੈ ਕਿ 17 ਵੀਂ ਸਦੀ ਦੇ ਮੱਧ ਵਿੱਚ ਫਰਾਂਸ ਦੇ ਰਾਜੇ ਦੇ ਹੁਕਮਾਂ ਉੱਤੇ ਕ੍ਰਾਂਤੀਕਾਰੀਆਂ ਅਤੇ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਬੈਸਟਿਲ ਜੇਲ੍ਹ ਵਿੱਚ ਹੀ ਰੱਖਿਆ ਗਿਆ ਸੀ। ਫਰਾਂਸੀਸੀ ਕ੍ਰਾਂਤੀ ਦੌਰਾਨ ਇਸ ਜੇਲ੍ਹ ਨੂੰ ਕਠੋਰ ਸ਼ਾਸਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ।