ਚੰਡੀਗੜ੍ਹ : ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਮਹੱਤਤਾ ਰੱਖਦਾ ਹੈ। 14 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਇਸੇ ਹੀ ਦਿਨ ਕਿਸਾਨ ਨਵੀਂ ਫ਼ਸਲ ਕੱਟਣ ਦੀ ਖ਼ੁਸ਼ੀ ਮਨਾਉਂਦੇ ਹਨ। ਅਪ੍ਰੈਲ ਮਹੀਨੇ ਚ ਨਵੀਂ ਫ਼ਸਲ ਆਉਂਦੀ ਹੈ ਤਾਂ ਇਹ ਕਿਸਾਨਾਂ ਵਾਸਤੇ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦੀ। ਇਸੇ ਲਈ ਵਿਸਾਖੀ ਵਾਲੇ ਦਿਨ ਕਿਸਾਨ ਫ਼ਸਲ ਦੀ ਵਾਢੀ ਦੀ ਖ਼ੁਸ਼ੀ ਮਨਾਉਂਦੇ ਹਨ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਵਿਸਾਖੀ ਦੀ ਮਹੱਤਤਾ : ਵਿਸਾਖੀ ਦੀ ਪੰਜਾਬ ਲਈ ਸਿਰਫ ਧਾਰਮਿਕ ਹੀ ਨਹੀਂ ਬਲਕਿ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਕਿਸਾਨਾਂ ਵੱਲੋਂ ਵਿਸਾਖੀ ਵਾਲੇ ਦਿਨ ਹੀ ਕਣਕ ਦੀ ਵਾਢੀ ਕੀਤੀ ਜਾਂਦੀ ਹੈ ਖੇਤਾਂ ਵਿੱਚ ਜਵਾਨ ਹੋਈਆਂ ਸੋਨੇ ਰੰਗੀ ਕਣਕ ਦੇਖ ਕੇ ਕਿਸਾਨ ਆਪਣੀ ਅਣਥੱਕ ਮਿਹਨਤ ਦਾ ਮੁੱਲ ਮੁੜਦਾ ਦੇਖਦੇ ਹਨ। ਪੰਜਾਬ ਤੋਂ ਇਲਾਵਾ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟਣ ਮਗਰੋਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਲੇ-ਦੁਆਲੇ ਦੇ ਸੂਬਿਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਵਿਸਾਖੀ ਦੇ ਇਸ ਤਿਉਹਾਰ ਨੂੰ ਵਸੋਆ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਇਹ ਵਾਢੀ ਦਾ ਤਿਉਹਾਰ ਮੁੱਖ ਤੌਰ 'ਤੇ ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਦ੍ਰਿਕ ਪੰਚਾਂਗ ਅਨੁਸਾਰ ਵਸਾਖੀ ਸੰਕ੍ਰਾਂਤੀ ਮਿਤੀ 14 ਅਪ੍ਰੈਲ ਨੂੰ ਬਾਅਦ ਦੁਪਹਿਰ 3:12 ਵਜੇ ਸ਼ੁਰੂ ਹੋਵੇਗੀ।