ਅਵੰਤੀਪੋਰਾ: ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਦੇ ਰਾਜਪੋਰਾ ਖੇਤਰ 'ਚ ਸੋਮਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਪੁਲਿਸ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਤਰਾਲ ਖੇਤਰ ਦੇ ਸ਼ਾਹਿਦ ਰਾਦਰ ਅਤੇ ਸ਼ੋਪੀਆਂ ਦੇ ਰਹਿਣ ਵਾਲੇ ਉਮਰ ਯੂਸਫ ਵਜੋਂ ਹੋਈ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏ.ਕੇ.47 ਰਾਈਫਲਾਂ ਸਮੇਤ ਕੁਝ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਇੱਕ ਟੀਮ ਰਾਜਪੋਰਾ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ, ਜਿਸ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੂੰ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਬਲ ਅਤੇ ਸੀਆਰਪੀਐਫ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ। ਸੁਰੱਖਿਆ ਬਲਾਂ ਨੇ ਰਾਜਪੋਰਾ ਇਲਾਕੇ 'ਚ ਕੁਝ ਅੱਤਵਾਦੀਆਂ ਨੂੰ ਘੇਰ ਲਿਆ ਹੈ।