ਬੈਂਗਲੁਰੂ (ਕਾਰਨਾਟਕ) :ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ 'ਤੇ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੇ ਯੂ-ਟਰਨ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ 'ਤੇ ਕੰਨੜ ਭਾਸ਼ਾ ਨਾ ਬੋਲਣ ਕਾਰਨ ਹਮਲਾ ਕੀਤਾ ਗਿਆ ਸੀ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇਹ ਵੀ ਕਿਹਾ ਕਿ ਉਹ ਮੁਲਜ਼ਮਾਂ ਦੇ ਬਿਆਨਾਂ ਦੀ ਜਾਂਚ ਕਰ ਰਹੀ ਹੈ। ਬੈਂਗਲੁਰੂ ਦੇ ਗਾਂਧੀ ਭਵਨ 'ਚ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਿਕੈਤ 'ਤੇ ਹਮਲਾ ਕੀਤਾ ਗਿਆ ਅਤੇ ਕਾਲਾ ਪੇਂਟ ਸੁੱਟਿਆ ਗਿਆ।
ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ- ਭਾਰਤ ਰਕਸ਼ਾ ਵੇਦੀਕੇ ਦੇ ਪ੍ਰਧਾਨ ਭਾਰਤ ਸ਼ੈਟੀ, ਸ਼ਿਵਕੁਮਾਰ ਅਤੇ ਪ੍ਰਦੀਪ। ਮੁਲਜ਼ਮਾਂ ਨੇ ਹਮਲੇ ਨੂੰ ਅੰਜਾਮ ਦੇਣ ਅਤੇ ਪੁਲਿਸ ਵੱਲੋਂ ਲਿਜਾਂਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਿਆ ਸੀ। ਜਾਂਚ ਅਧਿਕਾਰੀ ਇਸ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼ ਮੰਨ ਰਹੇ ਹਨ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਬਿਆਨ ਗੁੰਮਰਾਹਕੁੰਨ ਹਨ ਅਤੇ ਅਗਲੇਰੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਮੁਲਜ਼ਮਾਂ ਨੂੰ 6 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਜਾਂਚ ਦੌਰਾਨ ਮੁਲਜ਼ਮਾਂ ਦੇ ਪੁਰਾਣੇ ਅਪਰਾਧ ਇਤਿਹਾਸ ਦਾ ਵੀ ਖੁਲਾਸਾ ਹੋਇਆ।