ਪ੍ਰਯਾਗਰਾਜ:ਸ਼ਨੀਵਾਰ ਦੀ ਰਾਤ ਉੱਤਰ ਪ੍ਰਦੇਸ਼ ਲਈ ਕਿਸੇ ਆਤੰਕ ਤੋਂ ਘਟ ਨਹੀਂ ਸੀ। ਜਿਥੇ ਭਾਰੀ ਪੁਲਿਸ ਸੁਰੱਖਿਆ ਦਰਮਿਆਨ ਸਿਆਸਤਦਾਨ ਅਤੇ ਡੌਨ ਰਹੇ ਅਤੀਕ ਅਹਿਮਦ ਦਾ ਸੁਦੇ ਅਸ਼ਰਫ਼ ਸਣੇ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਵੱਡੀ ਚਰਚਾ ਛਿੜ ਗਈ ਹੈ। ਇਸ ਕਤਲ ਨੇ ਪੁਲਿਸ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਨੈਨੀ ਕੇਂਦਰੀ ਜੇਲ੍ਹ ਲਿਆਉਂਦੇ ਸਮੇਂ ਅਤੀਕ ਅਹਿਮਦ ਨੇ ਉਸ ਦੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਸੀ। ਜਦੋਂ ਵੀ ਅਤੀਕ ਨੂੰ ਮੀਡੀਆ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਕਤਲ ਦਾ ਖਦਸ਼ਾ ਪ੍ਰਗਟਾਇਆ। ਸ਼ਨੀਵਾਰ ਰਾਤ ਉਸ ਦਾ ਖਦਸ਼ਾ ਸੱਚ ਸਾਬਤ ਹੋਇਆ। ਦੱਸ ਦੇਈਏ ਕਿ ਅਤੀਕ ਦੀ ਭੈਣ ਨੇ ਵੀ ਕਤਲ ਦਾ ਖਦਸ਼ਾ ਜਤਾਉਂਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਅਤੀਕ ਨੂੰ ਪਹਿਲੀ ਵਾਰ ਉਮੇਸ਼ ਪਾਲ ਅਗਵਾ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਸ ਮਾਮਲੇ 'ਚ ਹਮਲਾਵਰਾਂ ਦੇ ਖਿਲਾਫ ਸ਼ਾਹਗੰਜ ਥਾਣੇ 'ਚ ਰਿਪੋਰਟ ਦਰਜ ਕਰਵਾਈ ਗਈ ਹੈ।
ਪੁਲਿਸ ਸੁਰੱਖਿਆ ਅਤੇ ਮੀਡੀਆ ਦੇ ਕੈਮਰਿਆਂ ਵਿਚਕਾਰ ਕਤਲ: ਜਿਵੇਂ ਹੀ ਅਤੀਕ ਅਤੇ ਅਸ਼ਰਫ ਰੂਟੀਨ ਚੈਕਅੱਪ (ਮੈਡੀਕਲ) ਲਈ ਮੋਤੀ ਲਾਲ ਨਹਿਰੂ ਮਾਨਲੀਆ ਹਸਪਤਾਲ ਪਹੁੰਚੇ ਤਾਂ ਹਮਲਾਵਰਾਂ ਨੇ ਦੋਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਦਰਮਿਆਨ ਦੋਵੇਂ ਭਰਾਵਾਂ ਦੀ ਮੌਤ ਹੋ ਗਈ। ਪੁਲਿਸ ਦੇ ਬੰਦੋਬਸਤ ਵਿੱਚ ਦੋਵਾਂ ਭਰਾਵਾਂ ਦੇ ਮਾਰੇ ਜਾਣ ਕਾਰਨ ਕਈ ਵੱਡੇ ਸਵਾਲ ਖੜੇ ਹੋ ਗਏ ਹਨ। ਦੋਹਰੇ ਕਤਲ ਦੀ ਘਟਨਾ ਪੁਲਿਸ ਸੁਰੱਖਿਆ ਅਤੇ ਮੀਡੀਆ ਦੇ ਕੈਮਰਿਆਂ ਵਿਚਕਾਰ ਕਰੀਬ 20 ਤੋਂ 25 ਸੈਕਿੰਡ ਵਿੱਚ ਵਾਪਰੀ। ਦੱਸਿਆ ਜਾਂਦਾ ਹੈ ਕਿ ਹਮਲਾਵਰ ਕਈ ਦਿਨਾਂ ਤੋਂ ਮੀਡੀਆ ਕਰਮੀ ਬਣ ਕੇ ਅਤੀਕ ਦੀ ਰੇਕੀ ਕਰ ਰਹੇ ਸਨ। ਸੂਤਰਾਂ ਮੁਤਾਬਕ ਸਾਬਰਮਤੀ ਤੋਂ ਨੈਨੀ ਲਿਆਉਣ ਤੋਂ ਬਾਅਦ ਜਦੋਂ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਤਾਂ ਹਮਲਾਵਰ ਕਤਲ ਦੀ ਯੋਜਨਾ ਬਣਾ ਰਹੇ ਸਨ। ਪ੍ਰਯਾਗਰਾਜ ਵਿੱਚ ਹਮਲਾਵਰ ਪਿਛਲੇ ਦੋ ਦਿਨਾਂ ਤੋਂ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਇਲਾਵਾ ਕਈ ਹੋਰ ਲੋਕ ਵੀ ਇਸ ਘਟਨਾ ਵਿੱਚ ਸ਼ਾਮਲ ਹੋ ਸਕਦੇ ਹਨ।