ਚੰਡੀਗੜ੍ਹ:ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 5 ਜਨਵਰੀ ਨੂੰ ਪੰਜਾਬ ਦੌਰੇ ’ਤੇ ਆ ਰਹੇ ਹਨ। ਇਸ ਦੇ ਲਈ 5 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇੱਥੇ ਉਹ ਸਭ ਤੋਂ ਪਹਿਲਾਂ ਪੀਜੀਆਈ ਦੇ ਸੈਟੇਲਾਈਟ ਵਿੰਗ (Satellite wing of PGI) ਦਾ ਉਦਘਾਟਨ ਕਰਨਗੇ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਭਾਜਪਾ ਨੇ ਰੈਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਮਰ ਕੱਸ ਲਈ ਹੈ। ਇਸ ਦੇ ਲਈ ਮੰਗਲਵਾਰ ਨੂੰ ਜਲੰਧਰ 'ਚ ਸੂਬਾ ਲੀਡਰਸ਼ਿਪ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਸੂਬਾ ਅਤੇ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, 2017 ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ, ਸਾਰੇ ਮੋਰਚਿਆਂ ਦੇ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ, ਲੋਕ ਸਭਾ ਇੰਚਾਰਜ ਅਤੇ ਪ੍ਰਵਾਸੀ ਜ਼ਿਲ੍ਹਾ ਇੰਚਾਰਜਾਂ ਨੂੰ ਬੁਲਾਇਆ ਗਿਆ ਹੈ।
ਮੋਦੀ ਨਾਲ ਸਟੇਜ 'ਤੇ ਨਜ਼ਰ ਆਉਣਗੇ ਕੈਪਟਨ
ਪੰਜਾਬ ਵਿੱਚ ਇਸ ਵਾਰ ਭਾਜਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣ ਲੜ ਰਹੀ ਹੈ। ਫਿਰੋਜ਼ਪੁਰ 'ਚ ਹੋਣ ਵਾਲੀ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੀ ਭਾਜਪਾ ਦੇ ਮੰਚ 'ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਢੀਂਡਸਾ ਵੀ ਰੈਲੀ ਦਾ ਹਿੱਸਾ ਹੋਣਗੇ। ਭਾਜਪਾ ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ। ਇਸ ਲਈ ਇੱਥੇ ਭੀੜ ਜੁਟਾਉਣ ਲਈ ਉਨ੍ਹਾਂ 'ਤੇ ਭਾਰੀ ਦਬਾਅ ਹੋਣਾ ਤੈਅ ਹੈ। ਇਸ ਕਾਰਨ ਸਾਰੇ ਵੱਡੇ ਆਗੂਆਂ ਨੂੰ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਭਾਜਪਾ ਨੇ ਜਲੰਧਰ ਵਿੱਚ ਸੂਬਾਈ ਚੋਣ ਦਫ਼ਤਰ ਬਣਾਇਆ ਹੈ, ਜਿੱਥੋਂ ਆਪਣੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ।
3 ਜਨਵਰੀ ਨੂੰ ਪਹੁੰਚਣਗੇ ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਕਾਂਗਰਸ ਦਾ ਚੋਣ ਪ੍ਰਚਾਰ ਵੀ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਰਾਹੁਲ ਗਾਂਧੀ 3 ਜਨਵਰੀ ਨੂੰ ਮੋਗਾ ਪਹੁੰਚ ਰਹੇ ਹਨ। ਇੱਥੋਂ ਦੇ ਕਿੱਲੀ ਚਹਿਲਾਂ ਵਿੱਚ ਕਾਂਗਰਸ ਦੀ ਵੱਡੀ ਚੋਣ ਰੈਲੀ ਹੋਵੇਗੀ। ਅਕਾਲੀ ਦਲ ਨੇ ਵੀ ਆਪਣੀ ਚੋਣ ਮੁਹਿੰਮ ਮੋਗਾ ਤੋਂ ਹੀ ਸ਼ੁਰੂ ਕਰ ਦਿੱਤੀ ਹੈ। 14 ਦਸੰਬਰ 2021 ਨੂੰ 100 ਸਾਲ ਪੂਰੇ ਹੋਣ 'ਤੇ ਅਕਾਲੀ ਦਲ ਵੱਲੋਂ ਕਿੱਲੀ ਚਹਿਲਾਂ 'ਚ ਹੀ ਸ਼ਤਾਬਦੀ ਵਰ੍ਹਾ ਮਨਾਇਆ ਗਿਆ।
ਇਹ ਵੀ ਪੜ੍ਹੋ:Punjab Assembly elections: ਰਾਹੁਲ ਗਾਂਧੀ ਜਲਦ ਸ਼ੁਰੂ ਕਰਨਗੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ