ਜੋਰਹਾਟ: ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਸ਼ੁੱਕਰਵਾਰ ਸਵੇਰੇ ਕਿਸ਼ਤੀ ਰਾਹੀਂ ਮਾਜੁਲੀ ਲਈ ਰਵਾਨਾ ਹੋਏ ਅਤੇ ਇਸ ਦੇ ਨਾਲ ਹੀ ਅਸਾਮ 'ਚ 'ਭਾਰਤ ਜੋੜੋ ਨਿਆ ਯਾਤਰਾ' ਫਿਰ ਸ਼ੁਰੂ ਹੋਈ। ਯਾਤਰਾ 'ਚ ਹਿੱਸਾ ਲੈਣ ਵਾਲੇ ਨੇਤਾ ਅਤੇ ਸਮਰਥਕ ਕਿਸ਼ਤੀਆਂ ਰਾਹੀਂ ਜੋਰਹਾਟ ਜ਼ਿਲੇ ਦੇ ਨਿਮਤੀਘਾਟ ਤੋਂ ਮਾਜੁਲੀ ਜ਼ਿਲੇ ਦੇ ਅਫਲਾਮੁਖ ਘਾਟ ਪਹੁੰਚੇ। ਇਸ ਦੇ ਨਾਲ ਹੀ ਕੁਝ ਵਾਹਨਾਂ ਨੂੰ ਵੱਡੀਆਂ ਕਿਸ਼ਤੀਆਂ ਦੀ ਮਦਦ ਨਾਲ ਬ੍ਰਹਮਪੁੱਤਰ ਨਦੀ ਦੇ ਪਾਰ ਵੀ ਲਿਜਾਇਆ ਗਿਆ।
ਭਾਰਤ ਜੋੜੋ ਨਿਆ ਯਾਤਰਾ: ਰਾਹੁਲ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਪ੍ਰਦੇਸ਼ ਪ੍ਰਧਾਨ ਭੂਪੇਨ ਕੁਮਾਰ ਬੋਰਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਵਬਰਤ ਸੈਕੀਆ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਨੇਤਾ ਮੌਜੂਦ ਸਨ। ਅਫਲਾਮੁਖ ਘਾਟ 'ਤੇ ਪਹੁੰਚਣ ਤੋਂ ਬਾਅਦ, ਰਾਹੁਲ ਕਮਲਬਾੜੀ ਚਰਿਆਲੀ ਜਾਣਗੇ ਜਿੱਥੇ ਉਹ ਇੱਕ ਪ੍ਰਮੁੱਖ ਵੈਸ਼ਨਵ ਸਥਾਨ ਔਨਿਆਤੀ ਸਤਰਾ ਦਾ ਦੌਰਾ ਕਰਨਗੇ। 'ਭਾਰਤ ਜੋੜੋ ਨਿਆ ਯਾਤਰਾ' ਗੜਮੁੜ ਤੋਂ ਗੁਜ਼ਰਦੀ ਹੋਈ ਸਵੇਰੇ ਝੰਜੇੜਮੁੱਖ ਸਥਿਤ ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਵਿਖੇ ਵਿਸ਼ਰਾਮ ਕਰੇਗੀ। ਰਮੇਸ਼ ਅਤੇ ਪਾਰਟੀ ਦੇ ਸੰਸਦ ਮੈਂਬਰ ਗੌਰਵ ਗੋਗੋਈ ਉੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ।