ਨਵੀਂ ਦਿੱਲੀ: ਰਾਜਧਾਨੀ ਦੀ ਸਾਕੇਤ ਅਦਾਲਤ ਸ਼ੁੱਕਰਵਾਰ ਸਵੇਰੇ ਗੋਲੀਆਂ ਦੀ ਆਵਾਜ਼ ਨਾਲ ਗੂੰਜ ਗਈ। ਇੱਥੇ ਵਕੀਲ ਦੇ ਕੱਪੜੇ ਪਹਿਨ ਕੇ ਆਏ ਇੱਕ ਹਮਲਾਵਰ ਨੇ ਮਹਿਲਾ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਮਹਿਲਾ 'ਤੇ 4 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸ ਨੂੰ ਦਿੱਲੀ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮੁਅੱਤਲ ਵਕੀਲ ਹੈ। ਦੋਵਾਂ ਵਿਚਾਲੇ ਪੈਸਿਆਂ ਨੂੰ ਲੈ ਕੇ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਔਰਤ 'ਤੇ ਗੋਲੀ ਚਲਾ ਦਿੱਤੀ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਕੀਲ ਬਲਾਕ ਨੇੜੇ ਵਾਪਰੀ ਇਸ ਘਟਨਾ ਨੇ ਪੂਰੀ ਅਦਾਲਤ ਵਿੱਚ ਹਲਚਲ ਮਚਾ ਦਿੱਤੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਵਕੀਲ ਅਦਾਲਤ ਵਿੱਚ ਪਹੁੰਚ ਰਹੇ ਸਨ। ਬਲਾਕ ਦੇ ਆਲੇ-ਦੁਆਲੇ ਕੁਝ ਵਕੀਲ ਸਨ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਹਥਿਆਰ ਲੈ ਕੇ ਅਦਾਲਤ ਦੇ ਅੰਦਰ ਕਿਵੇਂ ਪੁੱਜਿਆ ਜਦੋਂ ਕਿ ਐਂਟਰੀ ਗੇਟ ’ਤੇ ਹਰ ਵਿਅਕਤੀ ਦੀ ਸਕੈਨਰ ਨਾਲ ਜਾਂਚ ਕੀਤੀ ਜਾਂਦੀ ਹੈ। ਕੀ ਇਹ ਸੰਭਵ ਹੈ ਕਿ ਮੁਲਜ਼ਮ ਸਾਬਕਾ ਵਕੀਲ ਹੋਣ ਦਾ ਫਾਇਦਾ ਉਠਾ ਕੇ ਸਕਿਓਰਿਟੀ ਚੈਕਿੰਗ ਨਾ ਕਰਵਾ ਕੇ ਸਿੱਧਾ ਅਦਾਲਤੀ ਕੰਪਲੈਕਸ 'ਚ ਪਹੁੰਚ ਗਿਆ ਹੋਵੇ। ਇਸ ਦੇ ਨਾਲ ਹੀ ਮੌਕੇ 'ਤੇ ਪੁਲਸ ਫੋਰਸ ਤਾਇਨਾਤ ਹੈ, ਕਰਾਈਮ ਟੀਮ ਨੇ ਵੀ ਉਥੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।