ਫ਼ਰੀਦਾਬਾਦ/ਹਰਿਆਣਾ:ਚੀਨ ਵਿੱਚ ਚੱਲ ਰਹੀਆਂ 19ਵੀ ਏਸ਼ਿਆਈ ਖੇਡਾਂ ਵਿੱਚ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਟੀਮ ਵਿੱਚ ਕਰਨਾਲ ਦਾ ਅਨੀਸ਼ ਭਾਨਵਾਲਾ, ਫ਼ਰੀਦਾਬਾਦ ਦਾ ਆਦਰਸ਼ ਸਿੰਘ ਅਤੇ ਚੰਡੀਗੜ੍ਹ ਦਾ ਵਿਜੇਵੀਰ ਸ਼ਾਮਲ ਹੈ। ਜਿੱਤ ਤੋਂ ਬਾਅਦ ਫਰੀਦਾਬਾਦ ਸਥਿਤ ਆਦਰਸ਼ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਈਟੀਵੀ ਭਾਰਤ ਦੀ ਟੀਮ ਫ਼ਰੀਦਾਬਾਦ ਸਥਿਤ ਆਦਰਸ਼ ਸਿੰਘ ਦੇ ਘਰ ਪਹੁੰਚੀ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਆਦਰਸ਼ ਦੇ ਮਾਤਾ-ਪਿਤਾ ਅਤੇ ਉਸ ਦੀ ਭੈਣ ਨੇ ਆਦਰਸ਼ ਬਾਰੇ (Bronze Medalist Adarsh Singh) ਕਈ ਦਿਲਚਸਪ ਜਾਣਕਾਰੀਆਂ ਸਾਂਝੀਆਂ ਕੀਤੀਆਂ। ਆਓ ਜਾਣਦੇ ਹਾਂ ਆਦਰਸ਼ ਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ...
'ਆਦਰਸ਼ ਬਚਪਨ ਤੋਂ ਹੀ ਹਰ ਚੀਜ਼ 'ਚ ਟਾਪ 'ਤੇ ਰਿਹਾ': ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਆਦਰਸ਼ ਦੇ ਪਿਤਾ ਹਰਿੰਦਰ ਸਿੰਘ ਚੌਧਰੀ ਨੇ ਕਿਹਾ, "ਆਦਰਸ਼ ਬਚਪਨ ਤੋਂ ਹੀ ਹਰ ਚੀਜ਼ 'ਚ ਅੱਗੇ ਰਿਹਾ ਹੈ। ਹਾਲਾਂਕਿ ਆਦਰਸ਼ ਬਚਪਨ ਵਿੱਚ ਸ਼ਰਾਰਤੀ ਸੀ। ਪਰ, ਖੇਡ ਹੋਵੇ ਜਾਂ ਪੜ੍ਹਾਈ, ਆਦਰਸ਼ ਹਮੇਸ਼ਾ ਸਿਖਰ 'ਤੇ ਰਿਹਾ। ਪਹਿਲਾਂ ਆਦਰਸ਼ ਕ੍ਰਿਕਟ, ਬੈਡਮਿੰਟਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦਾ ਸੀ। ਪਰ, ਉਹ ਸ਼ੂਟਿੰਗ ਅਭਿਆਸ ਲਈ ਆਪਣੀ ਵੱਡੀ ਭੈਣ ਰੀਆ ਦੇ ਨਾਲ ਜਾਂਦਾ ਸੀ, ਜੋ ਰਾਸ਼ਟਰੀ ਨਿਸ਼ਾਨੇਬਾਜ਼ ਹੈ। ਹੌਲੀ-ਹੌਲੀ ਆਦਰਸ਼ ਵੀ ਸ਼ੂਟਿੰਗ ਵਿਚ ਅੱਗੇ ਵਧਣ ਲੱਗਾ। ਆਦਰਸ਼ ਨੇ ਖੇਲੋ ਇੰਡੀਆ 'ਚ ਵੀ ਸ਼ੂਟਿੰਗ 'ਚ ਪਹਿਲਾ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਆਦਰਸ਼ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਆਪਣਾ ਪਹਿਲਾਂ ਤਗ਼ਮਾ ਜਿੱਤਿਆ ਸੀ।"
ਆਦਰਸ਼ ਦੇ ਪਿਤਾ ਨੇ ਆਪਣੇ ਬੇਟੇ ਨੂੰ ਨੌਕਰੀ ਨਾ ਮਿਲਣ 'ਤੇ ਦੁੱਖ ਪ੍ਰਗਟਾਇਆ: ਆਦਰਸ਼ ਦੇ ਪਿਤਾ ਨੇ ਕਿਹਾ, "ਮੇਰੀ ਬੇਟੀ ਵੀ ਨੈਸ਼ਨਲ ਸ਼ੂਟਰ ਰਹੀ ਹੈ। ਏ ਗ੍ਰੇਡ ਸਰਟੀਫਿਕੇਟ ਪ੍ਰਾਪਤ ਕੀਤਾ ਅਤੇ ਪੁੱਤਰ ਨੇ ਵੀ ਏ ਗ੍ਰੇਡ ਸਰਟੀਫਿਕੇਟ ਪ੍ਰਾਪਤ ਕੀਤਾ। ਪਰ, ਇਸ ਦੇ ਬਾਵਜੂਦ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਮੈਨੂੰ ਉਮੀਦ ਹੈ ਕਿ ਸਰਕਾਰ ਉਸ ਨੂੰ ਨੌਕਰੀ ਦੇਵੇਗੀ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਦੂਜੇ ਰਾਜਾਂ ਵਿੱਚ ਖੇਡ ਨੀਤੀ ਤਹਿਤ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ, ਉਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ। ਪਹਿਲਾਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ ਸਨ, ਪਰ ਹੁਣ ਖਿਡਾਰੀਆਂ ਨੂੰ ਬਹੁਤ ਘੱਟ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਮੇਰੇ ਬੱਚਿਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਫਿਰ ਵੀ ਉਨ੍ਹਾਂ ਨੂੰ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ, ਜਿਸ ਲਈ ਮੈਂ ਬਹੁਤ ਦੁਖੀ ਹਾਂ।"
ਆਦਰਸ਼ ਦਿਨ-ਬ-ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਆਦਰਸ਼ ਆਉਣ ਵਾਲੇ ਦਿਨਾਂ ਵਿੱਚ ਹਮੇਸ਼ਾ ਨਵੇਂ ਰਿਕਾਰਡ ਬਣਾਏਗਾ। ਮੈਨੂੰ ਬਹੁਤ ਉਮੀਦਾਂ ਸਨ ਕਿ ਆਦਰਸ਼ ਕੁਝ ਹੋਰ ਮੈਡਲ ਲਿਆਏਗਾ। ਆਦਰਸ਼ ਨੇ ਮੈਡਲ ਲਿਆ ਕੇ ਸਾਬਤ ਕੀਤਾ। ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣ ਲਈ ਕਾਫੀ ਖਰਚਾ ਕੀਤਾ ਗਿਆ ਹੈ, ਕਿਉਂਕਿ ਹਰ ਚੀਜ਼ ਬਾਹਰੋਂ ਮੰਗਵਾਉਣੀ ਪੈਂਦੀ ਹੈ ਅਤੇ ਇਸ 'ਤੇ ਕਾਫੀ ਪੈਸਾ ਖ਼ਰਚ ਹੁੰਦਾ ਹੈ।