ਨਵੀਂ ਦਿੱਲੀ: ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਚੁਣਿਆ ਗਿਆ ਹੈ। ਉਹ 2012 ਵਿੱਚ ਪਾਰਟੀ ਦੀ ਸ਼ੁਰੂਆਤ ਤੋਂ ਇਸ ਅਹੁਦੇ 'ਤੇ ਹੈ। ਐਤਵਾਰ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਆਨਲਾਈਨ ਬੈਠਕ ਦੇ ਦੌਰਾਨ ਕੇਜਰੀਵਾਲ ਨੂੰ ਪਾਰਟੀ ਦਾ ਨੇਤਾ ਚੁਣਿਆ ਗਿਆ। ਕੇਜਰੀਵਾਲ ਵਾਂਗ ਪੰਕਜ ਗੁਪਤਾ ਨੂੰ ਮੁੜ ਰਾਸ਼ਟਰੀ ਸਕੱਤਰ ਅਤੇ ਐਨਡੀ ਗੁਪਤਾ ਨੂੰ ਰਾਸ਼ਟਰੀ ਖਜ਼ਾਨਚੀ ਚੁਣਿਆ ਗਿਆ ਹੈ।
ਦੱਸ ਦੇਈਏ ਆਮ ਆਦਮੀ ਪਾਰਟੀ ਦੀ 10ਵੀਂ ਕੌਮੀ ਕੌਂਸਲ ਦੀ ਬੈਠਕ ਸ਼ਨੀਵਾਰ ਨੂੰ ਹੋਈ, ਜਿਸ ਵਿੱਚ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਲਈ ਮੈਂਬਰਾਂ ਦੀ ਚੋਣ ਕੀਤੀ ਗਈ। ਡਿਜੀਟਲ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਵਿੱਚ ਕਈ ਨਵੇਂ ਚਿਹਰਿਆਂ 'ਤੇ ਮੋਹਰ ਲੱਗੀ ਹੈ। ਰਾਸ਼ਟਰੀ ਕਾਰਜਕਾਰਨੀ ਦੇ ਪ੍ਰਸਤਾਵਿਤ 34 ਨਾਵਾਂ ਵਿੱਚ ਉਨ੍ਹਾਂ ਰਾਜਾਂ ਦੇ ਨਾਂ ਵੀ ਹਨ ਜਿੱਥੇ ਚੋਣਾਂ ਹੋਣੀਆਂ ਹਨ।
ਨਵੇਂ ਮੈਂਬਰਾਂ ਦੀ ਸੂਚੀ ਵਿੱਚ ਕੋਰੋਨਾ ਮਹਾਂਮਾਰੀ ਦੇ ਸਮੇਂ ਲੋਕਾਂ ਦਾ ਦਿਲ ਜਿੱਤਣ ਵਾਲੇ ਦਿਲੀਪ ਪਾਂਡੇ, ਕਰਨਲ ਅਜੈ ਕੋਠਿਆਲ ਅਤੇ ਉੱਤਰਾਖੰਡ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਸ਼ਾਲਿਨੀ ਸਿੰਘ ਦੇ ਨਾਂ ਸ਼ਾਮਲ ਕੀਤੇ ਗਏ ਹਨ। ਕੁੱਲ ਮਿਲਾਕੇ ਇਸ ਸੂਚੀ ਵਿੱਚ ਪਾਰਟੀ ਦੇ ਰਾਜ ਸਭਾ ਦੇ ਸੰਸਦ ਮੈਂਬਰ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ, ਗੋਆ ਅਤੇ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਸਮੇਤ ਦਿੱਲੀ ਸਰਕਾਰ ਦੇ ਮੰਤਰੀ ਮੰਡਲ ਦੇ ਸਾਰੇ ਵੱਡੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ।