ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 74ਵੇਂ ਫੌਜ ਦਿਵਸ ਮੌਕੇ 'ਤੇ ਫੌਜੀਆਂ ਅਤੇ ਸਾਬਕਾ ਫੌਜੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਫੌਜ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੇਸ਼ ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਦਾ ਧੰਨਵਾਦੀ ਹੈ। ਫੌਜ ਦਿਵਸ 'ਤੇ ਸੇਵਾ ਕਰ ਰਹੇ ਅਤੇ ਸੇਵਾਮੁਕਤ ਫੌਜੀ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕੋਵਿੰਦ ਨੇ ਕਿਹਾ ਕਿ ਫੌਜੀਆਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਅਤੇ ਸ਼ਾਂਤੀ ਬਣਾਈ ਰੱਖਣ ਦੌਰਾਨ ਪੇਸ਼ੇਵਰ ਰਵੱਈਏ, ਕੁਰਬਾਨੀ ਅਤੇ ਬਹਾਦਰੀ ਦਿਖਾਈ ਹੈ।
ਉਨ੍ਹਾਂ ਟਵੀਟ ਕਰਦਿਆਂ , 'ਮੌਜੂਦਾ ਅਤੇ ਸੇਵਾਮੁਕਤ ਫੌਜੀਆਂ ਨੂੰ ਫੌਜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਸਰਹੱਦਾਂ ਦੀ ਰਾਖੀ ਕਰਦੇ ਹੋਏ ਅਤੇ ਸ਼ਾਂਤੀ ਬਣਾਈ ਰੱਖਣ ਦੌਰਾਨ ਪੇਸ਼ੇਵਰਤਾ, ਕੁਰਬਾਨੀ ਅਤੇ ਬਹਾਦਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਸੇਵਾ ਲਈ ਦੇਸ਼ ਤੁਹਾਡਾ ਧੰਨਵਾਦੀ ਹੈ। ਜੈ ਹਿੰਦ।'
ਹਰ ਸਾਲ 15 ਜਨਵਰੀ ਨੂੰ ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਵੱਲੋਂ ਭਾਰਤੀ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ਼ ਵਜੋਂ ਅਹੁਦਾ ਸੰਭਾਲਣ ਦੀ ਯਾਦ ਵਿੱਚ ਫੌਜ ਦਿਵਸ ਮਨਾਇਆ ਜਾਂਦਾ ਹੈ। ਕਰਿਅੱਪਾ ਨੇ 1949 ਵਿੱਚ ਭਾਰਤੀ ਫੌਜ ਦੇ ਆਖਰੀ ਚੋਟੀ ਦੇ ਬ੍ਰਿਟਿਸ਼ ਕਮਾਂਡਰ ਤੋਂ ਅਹੁਦਾ ਸੰਭਾਲਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫੌਜ ਦਿਵਸ' ਦੇ ਮੌਕੇ 'ਤੇ ਭਾਰਤੀ ਫੌਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਆਪਣੀ ਬਹਾਦਰੀ ਅਤੇ ਪੇਸ਼ੇਵਰਤਾ ਲਈ ਜਾਣੀ ਜਾਂਦੀ ਹੈ ਅਤੇ ਰਾਸ਼ਟਰੀ ਸੁਰੱਖਿਆ 'ਚ ਇਸ ਦੇ ਬੇਮਿਸਾਲ ਯੋਗਦਾਨ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ, 'ਭਾਰਤੀ ਫੌਜ ਦੇ ਜਵਾਨ ਮੁਸ਼ਕਲ ਖੇਤਰਾਂ ਵਿੱਚ ਸੇਵਾ ਕਰਦੇ ਹਨ ਅਤੇ ਰਾਸ਼ਟਰੀ ਆਫ਼ਤਾਂ ਸਮੇਤ ਮਾਨਵਤਾਵਾਦੀ ਸੰਕਟ ਦੌਰਾਨ ਨਾਗਰਿਕਾਂ ਦੀ ਮਦਦ ਲਈ ਸਭ ਤੋਂ ਅੱਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸ਼ਾਂਤੀ ਰੱਖਿਅਕ ਮੁਹਿੰਮਾਂ ਦੌਰਾਨ ਫੌਜ ਦੇ ਸ਼ਾਨਦਾਰ ਯੋਗਦਾਨ 'ਤੇ ਭਾਰਤ ਨੂੰ ਮਾਣ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਫੌਜ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ, 'ਫੌਜ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਸਾਰੇ ਭਾਰਤੀ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਦੇਸ਼ ਦੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਹਿ ਕੇ ਇੱਕ ਦਲੇਰ ਅਤੇ ਪੇਸ਼ੇਵਰ ਬਲ ਦੇ ਰੂਪ ਵਿੱਚ ਆਪਣੀ ਪਛਾਣ ਬਣਾਈ ਹੈ। ਦੇਸ਼ ਨੂੰ ਭਾਰਤੀ ਫੌਜ 'ਤੇ ਮਾਣ ਹੈ।