ਨਵੀਂ ਦਿੱਲੀ:ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ 'ਤੇ 30 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਗਤੀਰੋਧ ਦੇ ਵਿਚਕਾਰ ਪੂਰਬੀ ਲੱਦਾਖ ਵਿੱਚ ਸਥਿਤੀ ਸਥਿਰ ਹੈ, ਪਰ ਅਨੁਮਾਨ ਤੋਂ ਬਾਹਰ ਹੈ। ਇਕ ਥਿੰਕ ਟੈਂਕ ਨੂੰ ਸੰਬੋਧਨ ਕਰਦੇ ਹੋਏ ਜਨਰਲ ਪਾਂਡੇ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਫੌਜੀ ਵਾਰਤਾ ਦੇ ਅਗਲੇ ਦੌਰ ਵਿਚ ਵਿਵਾਦ ਦੇ ਬਾਕੀ ਦੋ ਨੁਕਤਿਆਂ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ 'ਤੇ ਧਿਆਨ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਡੇਮਚੋਕ ਅਤੇ ਡੇਪਸਾਂਗ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ।
ਇਹ ਵੀ ਪੜੋ:ਨਿੱਜੀ ਵਾਹਨ ਵਿੱਚ EVM ਲੈ ਕੇ ਜਾ ਰਹੀ ਪੋਲਿੰਗ ਪਾਰਟੀ ਮੁਅੱਤਲ, ਅਲਕਾ ਲਾਂਬਾ ਨੇ ਟਵੀਟ ਕੀਤਾ
ਫ਼ੌਜ ਮੁਖੀ ਨੇ ਕਿਹਾ ਕਿ ਵਿਵਾਦ ਦੇ ਸੱਤ ਵਿੱਚੋਂ ਪੰਜ ਨੁਕਤਿਆਂ ’ਤੇ ਗੱਲਬਾਤ ਰਾਹੀਂ ਮਸਲੇ ਹੱਲ ਕਰ ਲਏ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖੇਤਰ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ ਚੀਨੀ ਸੈਨਿਕਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ ਹੈ, ਪਰ ਸਰਦੀਆਂ ਦੀ ਸ਼ੁਰੂਆਤ ਦੇ ਨਾਲ, ਕੁਝ ਪੀਐੱਲਏ ਬ੍ਰਿਗੇਡਾਂ ਦੇ ਵਾਪਸ ਪਰਤਣ ਦੇ ਸੰਕੇਤ ਹਨ। ਉਨ੍ਹਾਂ ਨੇ ‘ਚਾਣਕਿਆ ਡਾਇਲਾਗਜ਼’ ਵਿੱਚ ਕਿਹਾ ਕਿ ਅਸਲ ਕੰਟਰੋਲ ਰੇਖਾ ‘ਤੇ ਆਪਣੀ ਕਾਰਵਾਈ ਦਾ ਵਿਆਪਕ ਸੰਦਰਭ ਵਿੱਚ ਬਹੁਤ ਧਿਆਨ ਨਾਲ ਮੁਲਾਂਕਣ ਕਰਨ ਦੀ ਲੋੜ ਹੈ ਤਾਂ ਜੋ ਭਾਰਤ ਆਪਣੇ ਹਿੱਤਾਂ ਅਤੇ ਸੰਵੇਦਨਸ਼ੀਲਤਾ ਦੀ ਰੱਖਿਆ ਕਰ ਸਕੇ।