ਨਵੀਂ ਦਿੱਲੀ: ਦਿੱਲੀ ਪੁਲਿਸ (Delhi Police) ਨੇ ਅਜਿਹੇ ਇੱਕ ਹਥਿਆਰ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਸੋਸ਼ਲ ਮੀਡੀਆ (social media) ਪਲੇਟਫਾਰਮ ਨੂੰ ਬੇਸ ਬਣਾ ਕੇ ਹਥਿਆਰਾਂ ਦੀ ਸਪਲਾਈ ਦਾ ਕੰਮ ਕਰ ਰਿਹਾ ਸੀ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਅਸਲਾ ਸਪਲਾਇਰ (arms supplier) ਤੋਂ ਪੁੱਛਗਿੱਛ ਕਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਲਿੰਕ ਕਿੱਥੋਂ ਹੈ। ਇਸ ਦੇ ਨਾਲ ਹੀ ਦੇਸ਼ ਵਿਰੋਧੀ ਅਨਸਰਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਕਾਬੂ ਕੀਤਾ ਗਿਆ ਮੁਲਜ਼ਮ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ (social media) ਪਲੇਟਫਾਰਮਾਂ 'ਤੇ ਵਰਚੁਅਲ ਨੰਬਰਾਂ ਰਾਹੀਂ ਕੰਮ ਕਰ ਰਿਹਾ ਸੀ।
ਗ੍ਰਿਫਤਾਰ ਕੀਤੇ ਗਏ ਅਸਲਾ ਸਪਲਾਇਰ (arms supplier) ਦੀ ਪਛਾਣ ਹਿਤੇਸ਼ ਸਿੰਘ ਉਰਫ਼ ਲੰਗਰਾ ਵਜੋਂ ਹੋਈ ਹੈ। ਉਹ ਜੋਧਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਇਸ ਖਿਲਾਫ ਰਾਜਸਥਾਨ ਦੇ ਜੋਧਪੁਰ, ਪ੍ਰਤਾਪ ਨਗਰ, ਸ਼ਾਸਤਰੀ ਨਗਰ, ਸਰਦਾਰਪੁਰਾ, ਉਦੈ ਮੰਦਰ ਆਦਿ ਥਾਣਿਆਂ 'ਚ ਪਹਿਲਾਂ ਹੀ 11 ਅਪਰਾਧਿਕ ਮਾਮਲੇ ਦਰਜ ਹਨ। ਸਪੈਸ਼ਲ ਸੈੱਲ ਦੀ IFSO ਯੂਨਿਟ ਦੀ ਟੀਮ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ।
ਡੀਸੀਪੀ ਕੇਪੀਐਸ ਮਲਹੋਤਰਾ (DCP KPS Malhotra) ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲੀ ਸੀ। ਲਗਾਤਾਰ ਤਕਨੀਕੀ ਨਿਗਰਾਨੀ ਦੇ ਆਧਾਰ 'ਤੇ ਜਾਂਚ ਕੀਤੀ ਗਈ। ਏਸੀਪੀ ਰਮਨ ਲਾਂਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਵੀਨ, ਸਬ ਇੰਸਪੈਕਟਰ ਸੁਨੀਲ, ਸਹਾਇਕ ਸਬ ਇੰਸਪੈਕਟਰ ਅਜੀਤ, ਹੈੱਡ ਕਾਂਸਟੇਬਲ ਹਰੀਕਿਸ਼ਨ, ਅਤੁਲ, ਕਾਂਸਟੇਬਲ ਯੋਗਿੰਦਰ, ਵਿਜੇਂਦਰ ਅਤੇ ਰਾਜੇਸ਼ ਦੀ ਟੀਮ ਨੇ ਆਖ਼ਰਕਾਰ ਇਸ ਨੂੰ ਕਾਬੂ ਕਰ ਲਿਆ।