ਕਵਰ ਫਾਇਰਿੰਗ ਦੇ ਬਾਵਜੂਦ ਫੌਜ ਨੂੰ ਮਿਲੀ ਸਫਲਤਾ, 3 ਅੱਤਵਾਦੀ ਢੇਰ ਉੜੀ/ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਸ਼ਨੀਵਾਰ ਨੂੰ ਹੋਏ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਫੌਜ ਦਾ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ। ਭਾਰਤੀ ਫੌਜ ਅਤੇ ਬਾਰਾਮੂਲਾ ਪੁਲਿਸ ਇਸ ਆਪਰੇਸ਼ਨ ਵਿੱਚ ਸ਼ਾਮਲ ਹੈ। ਸੁਰੱਖਿਆ ਬਲਾਂ ਨੂੰ ਇਹ ਸਫਲਤਾ ਉਸ ਸਮੇਂ ਮਿਲੀ ਹੈ ਜਦੋਂ ਅਨੰਤਨਾਗ ਇਲਾਕੇ 'ਚ ਅੱਤਵਾਦੀਆਂ ਖਿਲਾਫ ਫੌਜ ਦਾ ਸਰਚ ਆਪਰੇਸ਼ਨ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਆਪਰੇਸ਼ਨ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਉੜੀ ਸੈਕਟਰ ਦੇ ਹਥਲੰਗਾ ਇਲਾਕੇ ਵਿੱਚ ਸ਼ੁਰੂ ਕੀਤਾ ਗਿਆ ਸੀ। ਭਾਰਤੀ ਫੌਜ ਦੀ ਚਿਨਾਰ ਕੋਰ ਨੇ ਕਿਹਾ ਕਿ ਉੜੀ ਸੈਕਟਰ ਵਿੱਚ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਗਿਆ ਹੈ, ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ।
ਦੋ ਅੱਤਵਾਦੀ ਮੌਕੇ 'ਤੇ ਹੀ ਮਾਰੇ :ਭਾਰਤੀ ਫੌਜ, ਖੁਫੀਆ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਸ ਦੇ ਸਾਂਝੇ ਆਪ੍ਰੇਸ਼ਨ ਨੇ ਬਾਰਾਮੂਲਾ 'ਚ LOC ਨੇੜੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਚਿਨਾਰ ਕੋਰ ਨੇ ਅੱਗੇ ਦੱਸਿਆ ਕਿ ਤਿੰਨ ਅੱਤਵਾਦੀਆਂ ਨੇ ਇੱਥੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਇਨ੍ਹਾਂ 'ਚੋਂ ਦੋ ਅੱਤਵਾਦੀ ਮੌਕੇ 'ਤੇ ਹੀ ਮਾਰੇ ਗਏ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਤੀਜਾ ਅੱਤਵਾਦੀ ਵੀ ਮਾਰਿਆ ਗਿਆ ਹੈ। ਪਰ ਉਸ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਕਿਉਂਕਿ ਐਲਓਸੀ 'ਤੇ ਪਾਕਿ ਚੌਕੀ ਤੋਂ ਲਗਾਤਾਰ ਗੋਲੀਬਾਰੀ ਜਾਰੀ ਹੈ। ਆਪਰੇਸ਼ਨ ਅਜੇ ਵੀ ਜਾਰੀ ਹੈ। ਇਹ ਮੁਕਾਬਲਾ ਅਜਿਹੇ ਸਮੇਂ 'ਚ ਹੋਇਆ ਹੈ, ਜਦੋਂ ਅਨੰਤਨਾਗ ਜ਼ਿਲ੍ਹੇ ਦੇ ਪਹਾੜੀ ਇਲਾਕੇ 'ਚ ਅੱਤਵਾਦੀਆਂ ਨੂੰ ਮਾਰਨ ਲਈ ਆਪਰੇਸ਼ਨ ਚੱਲ ਰਿਹਾ ਹੈ।
ਪਾਕਿ ਫੌਜ ਦੀ ਕਵਰ ਫਾਇਰਿੰਗ:ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਘੁਸਪੈਠ ਵਿਰੋਧੀ ਕਾਰਵਾਈ ਦੌਰਾਨ ਦਖਲ ਦਿੱਤਾ। ਫੌਜ ਦੇ ਸੀਨੀਅਰ ਅਧਿਕਾਰੀ ਪੀ.ਐੱਮ.ਐੱਸ. ਢਿੱਲੋਂ ਨੇ ਦੱਸਿਆ ਕਿ ਚੌਕਸ ਭਾਰਤੀ ਫੌਜ ਦੇ ਜਵਾਨਾਂ ਨੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਦੱਸਿਆ ਕਿ ਘੁਸਪੈਠੀਆਂ ਦੀਆਂ ਦੋ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂਕਿ ਐਲਓਸੀ ਨੇੜੇ ਪਾਕਿਸਤਾਨੀ ਫੌਜ ਦੀ ਚੌਕੀ ਤੋਂ ਕਵਰ ਫਾਇਰਿੰਗ ਕਾਰਨ ਤੀਜੇ ਘੁਸਪੈਠੀਆਂ ਦੀ ਲਾਸ਼ ਨੂੰ ਬਰਾਮਦ ਕਰਨ ਵਿੱਚ ਕਾਫੀ ਮੁਸ਼ਕਲਾਂ ਆਈਆਂ ਸਨ, ਪਰ ਫਿਰ ਇਹ ਵੀ ਬਰਾਮਦ ਕਰ ਲਈ ਗਈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਦਾ ਆਪਰੇਸ਼ਨ ਜਾਰੀ ਹੈ। ਸੈਨਾ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਉੜੀ ਦੇ ਸਰਹੱਦੀ ਖੇਤਰ ਤੋਂ ਅੱਤਵਾਦੀਆਂ ਨੂੰ ਇਸ ਪਾਸੇ ਭੇਜਦਾ ਹੈ, ਪਰ ਅੱਜ ਅਸੀਂ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਉਨ੍ਹਾਂ ਦੱਸਿਆ ਕਿ ਅਸੀਂ ਵੱਡੀ ਮਾਤਰਾ 'ਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।
ਪਹਿਲਾਂ ਤਿੰਨ ਜਵਾਨਾਂ ਨੇ ਦਿੱਤੀ ਸ਼ਹਾਦਤ :ਦੱਸ ਦੇਈਏ ਕਿ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਫੌਜ ਦੇ ਤਿੰਨ ਅਧਿਕਾਰੀ ਅਤੇ ਇਕ ਜਵਾਨ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਅਤੰਤਨਾਗ ਵਿੱਚ ਫੌਜ ਦੀ ਗਤੀਵਿਧੀ ਨੂੰ ਵਧਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਪਹਾੜੀ ਖੇਤਰ 'ਚ ਜੰਗਲੀ ਖੇਤਰ 'ਤੇ ਕਬਜ਼ਾ ਕਰਨ ਵਾਲੇ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਇਲਾਕੇ 'ਚ ਪਿਛਲੇ ਚਾਰ ਦਿਨਾਂ ਤੋਂ ਸਰਚ ਆਪਰੇਸ਼ਨ ਜਾਰੀ ਹੈ। ਸ਼ਨੀਵਾਰ ਨੂੰ ਕੋਕਰਨਾਗ ਦੇ ਗਡੋਲ ਦੇ ਜੰਗਲੀ ਖੇਤਰ 'ਚ ਫੌਜ ਅਤੇ ਪੁਲਿਸ ਵੱਲੋਂ ਸੰਯੁਕਤ ਰੂਪ ਵਿੱਚ ਤਲਾਸ਼ੀ ਮੁਹਿੰਮ ਚਲਾਇਆ ਗਿਆ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਨੰਤਨਾਗ ਖੇਤਰ ਵਿੱਚ ਅੱਤਵਾਦੀਆਂ ਦੇ ਖਿਲਾਫ ਇੱਕ ਸੰਯੁਕਤ ਸੁਰੱਖਿਆ ਅਭਿਆਨ ਵਿੱਚ, ਬਲਾਂ ਨੇ ਇੱਕ ਸ਼ੱਕੀ ਅੱਤਵਾਦੀ ਟਿਕਾਣੇ 'ਤੇ ਗ੍ਰਨੇਡ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ। ਖੇਤਰ ਵਿੱਚ ਲੁਕੇ ਅੱਤਵਾਦੀਆਂ ਦੇ ਸਮੂਹ ਨੂੰ ਨਿਸ਼ਾਨਾ ਬਣਾਉਣ ਲਈ ਸੈਨਿਕਾਂ ਦੁਆਰਾ ਗ੍ਰਨੇਡ ਲਾਂਚਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਹਥਲੰਗਾ ਦੇ ਬਾਹਰਵਾਰ ਹੋ ਰਿਹਾ ਮੁਕਾਬਲਾ:ਇਹ ਸਪੱਸ਼ਟ ਨਹੀਂ ਹੈ ਕਿ ਘੇਰਾਬੰਦੀ ਵਿੱਚ ਫਸੇ ਅੱਤਵਾਦੀ ਹਾਲ ਹੀ ਵਿੱਚ ਜੰਮੂ-ਕਸ਼ਮੀਰ ਤੋਂ ਘੁਸਪੈਠ ਕਰਕੇ ਆਏ ਹਨ ਜਾਂ ਇਸ ਖੇਤਰ ਵਿੱਚ ਪਹਿਲਾਂ ਤੋਂ ਮੌਜੂਦ ਸਨ। ਇਹ ਮੁਕਾਬਲਾ ਅਗਾਊਂ ਪਿੰਡ ਹਥਲੰਗਾ ਦੇ ਬਾਹਰਵਾਰ ਹੋ ਰਿਹਾ ਹੈ। ਇੱਥੇ ਇੱਕ ਸੰਘਣਾ ਜੰਗਲ, ਇੱਕ ਨਾਲਾ ਅਤੇ ਕੁਝ ਖਾਲੀ ਘਰ ਵੀ ਹਨ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ ਆਪਣੇ ਸਿਸਟਮ ਤੋਂ ਪਤਾ ਲੱਗਾ ਸੀ ਕਿ ਹਥਲੰਗਾ ਨੇੜੇ ਅੱਤਵਾਦੀਆਂ ਦਾ ਇੱਕ ਸਮੂਹ ਦੇਖਿਆ ਗਿਆ ਹੈ।