ਤੇਜਪੁਰ:ਆਸਾਮ ਦੇ ਸੋਨਿਤਪੁਰ ਵਿੱਚ ਇੱਕ ਦਿਨ ਪਹਿਲਾਂ ਜਾਦੂਗਰ ਹੋਣ ਦੇ ਸ਼ੱਕ ਵਿੱਚ ਇੱਕ ਔਰਤ ਦੀ ਹੱਤਿਆ ਨੇ ਇਲਾਕੇ ਵਿੱਚ ਸਨਸਨੀ ਮਚਾ ਦਿੱਤੀ ਅਤੇ ਅੰਧਵਿਸ਼ਵਾਸ ਦੀ ਭੈੜੀ ਪ੍ਰਥਾ ਦਾ ਸੱਚ ਸਭ ਦੇ ਸਾਹਮਣੇ ਲਿਆ ਦਿੱਤਾ। ਹੁਣ ਉਸ ਕਤਲ ਕਾਂਡ ਦੇ ਦੂਜੇ ਦਿਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਜਾਦੂ ਟੂਣਾ ਕਰਨ ਦੇ ਸ਼ੱਕ ਵਿੱਚ ਪਿੰਡ ਵਾਸੀਆਂ ਨੇ ਇੱਕ ਬਜ਼ੁਰਗ ਜੋੜੇ ਦੇ ਘਰ ਦੀ ਭੰਨਤੋੜ ਕੀਤੀ। ਇੰਨਾਂ ਹੀ ਨਹੀਂ ਪਿੰਡ ਵਾਸੀਆਂ ਨੇ ਜੋੜੇ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ।
ਜਾਣਕਾਰੀ ਮੁਤਾਬਿਕ ਆਸਾਮ-ਅਰੁਣਾਚਲ ਸਰਹੱਦ 'ਤੇ ਪੈਂਦੇ ਪਿੰਡ ਚਤਾਈ ਨੌਂ ਮੀਲ 'ਚ ਪਿੰਡ ਦੇ ਲੋਕਾਂ ਨੇ ਸੱਠ ਸਾਲ ਤੋਂ ਉਪਰ ਦੇ ਇਕ ਜੋੜੇ 'ਤੇ ਜਾਦੂ-ਟੂਣਾ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਦੇ ਘਰ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਦੇ ਵਿਹੜੇ ਦੇ ਸਾਰੇ ਦਰੱਖਤ ਵੱਢ ਦਿੱਤੇ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੇ ਪਰਿਵਾਰ ਦਾ ਪਿੱਛਾ ਵੀ ਪਿੰਡ ਤੋਂ ਬਾਹਰ ਕਰ ਦਿੱਤਾ। ਦੱਸ ਦਈਏ ਕਿ ਇਹ ਜੋੜਾ ਪਿਛਲੇ 5 ਸਾਲਾਂ ਤੋਂ ਜ਼ਮੀਨ ਖਰੀਦ ਕੇ ਇਲਾਕੇ 'ਚ ਰਹਿ ਰਿਹਾ ਸੀ।
ਆਰਥਿਕ ਪੱਖੋਂ ਕਮਜ਼ੋਰ ਇਹ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਦਿਹਾੜੀਦਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਸੋਮਵਾਰ ਸਵੇਰੇ ਵੈਸ਼ਠ ਬਾਸੁਮਾਤਰੀ ਨਾਂ ਦੇ ਵਿਅਕਤੀ ਨੇ ਪਿੰਡ ਵਾਸੀਆਂ ਨੂੰ ਬੁਲਾਇਆ ਅਤੇ ਜੋੜੇ ਨੂੰ ਇਹ ਸਵਿਕਾਰ ਕਰਨ ਲਈ ਮਜ਼ਬੂਰ ਕੀਤਾ ਕਿ ਉਨ੍ਹਾਂ ਦੇ ਘਰ ਡੈਣ ਹੈ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਘਰ ਵਿੱਚ ਰੱਖਿਆ ਸਮਾਨ ਸੜਕ ਕਿਨਾਰੇ ਸੁੱਟ ਕੇ ਭੰਨਤੋੜ ਕੀਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਬਜੁਰਗ ਜੋੜੇ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ।
ਬੇਵੱਸ ਹੋ ਕੇ ਗਰੀਬ ਪਰਿਵਾਰ ਮਦਦ ਦੀ ਗੁਹਾਰ ਲਾਉਂਦਾ ਚਾਰੀਦੁਆਰ ਥਾਣੇ ਪਹੁੰਚ ਗਿਆ। ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਅਤੇ ਰਿਸ਼ਤੇਦਾਰਾਂ ਦੇ ਘਰ ਰਹਿਣ ਦੀ ਸਲਾਹ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਤਵਾਰ ਰਾਤ ਨੂੰ ਤੇਜ਼ਪੁਰ ਨੇੜੇ ਬਾਂਸਬਾੜੀ 'ਚ ਇੱਕ ਔਰਤ ਦਾ ਡੈਣ ਹੋਣ ਦੇ ਸ਼ੱਕ 'ਚ ਕਥਿਤ ਤੌਰ 'ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਦੋਸ਼ ਹੈ ਕਿ ਔਰਤ ਨੂੰ ਉਸ ਦੇ ਦੋ ਨਾਬਾਲਿਗ ਬੱਚਿਆਂ ਦੇ ਸਾਹਮਣੇ ਜ਼ਿੰਦਾ ਸਾੜ ਦਿੱਤਾ ਗਿਆ। ਐਤਵਾਰ ਰਾਤ ਕਰੀਬ 10 ਵਜੇ ਸੂਰਜ ਬਗਵਾਰ ਨੇ ਆਪਣੇ ਚਾਰ ਸਾਥੀਆਂ ਦੀ ਮਦਦ ਨਾਲ ਸੰਗੀਤਾ ਕਾਟੀ ਨਾਂ ਦੀ ਔਰਤ ਦੀ ਕੁੱਟਮਾਰ ਕਰ ਕੇ ਅੱਗ ਲਾ ਦਿੱਤੀ। ਘਟਨਾ ਤੋਂ ਬਾਅਦ ਸੋਨੀਤਪੁਰ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋ ਦੀ ਭਾਲ ਕੀਤੀ ਜਾ ਰਹੀ ਹੈ।