ਮੁੰਬਈ: ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਜੇਕਰ ਕੇਂਦਰ ਨੇ ਕਿਸਾਨਾਂ ਦੇ ਮੁੱਦਿਆਂ ਨਾਲ ਸਬੰਧਤ ਮੰਗਾਂ ਬਾਰੇ ਕੋਈ ਠੋਸ ਫੈਸਲਾ ਨਹੀਂ ਲਿਆ ਤਾਂ ਉਹ ਜਨਵਰੀ ਤੋਂ ਨਵੀਂ ਦਿੱਲੀ 'ਚ ਅੰਦੋਲਨ ਸ਼ੁਰੂ ਕਰਨਗੇ।
ਅੰਨਾ ਹਜ਼ਾਰੇ ਨੇ ਜਨਵਰੀ ਤੋਂ ਦਿੱਲੀ 'ਚ ਮੁੜ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਦੀ ਗੱਲ ਆਖੀ ਤੇ ਇਸ ਬਾਰੇ ਸਰਕਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਹਲਾਂਕਿ ਪ੍ਰੈਸ ਨੋਟ 'ਚ ਅੰਦੋਲਨ ਸਬੰਧੀ ਤਰੀਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਨੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ," ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਮੰਗਾਂ ਨੂੰ ਲੈ ਕੇ ਉਹ ਪਹਿਲੀ ਵਾਰ 21 ਮਾਰਚ, 2018 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਭੁੱਖ ਹੜਤਾਲ 'ਤੇ ਬੈਠੇ ਸੀ। ਹਜ਼ਾਰੇ ਨੇ ਕਿਹਾ," ਸੱਤਵੇਂ ਦਿਨ ਉਸ ਵੇਲੇ ਦੇ ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੇਰੇ ਨਾਲ ਮੁਲਾਕਾਤ ਕਰਨ ਆਏ ਸਨ। ਉਸ ਸਮੇਂ, ਉਨ੍ਹਾਂ ਨੇ ਮੰਗਾਂ ਮੰਨ ਲਈਆਂ ਤੇ ਲਿਖਤੀ ਭਰੋਸਾ ਦਿੱਤਾ, ਪਰ ਉਹ ਕਦੇ ਪੂਰੇ ਨਹੀਂ ਹੋਏ। ਹਜ਼ਾਰੇ ਨੇ ਕਿਹਾ ਕਿ ਮੈਂ 30 ਜਨਵਰੀ, 2019 ਨੂੰ ਰਾਲੇਗਨ ਸਿੱਧੀ 'ਚ ਭੁੱਖ ਹੜਤਾਲ 'ਤੇ ਬੈਠ ਗਿਆ। ਉਸ ਸਮੇਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ, ਰੱਖਿਆ ਰਾਜ ਮੰਤਰੀ ਸੁਭਾਸ਼ ਭਮਰੇ ਅਤੇ ਫੜਨਵੀਸ ਨੇ ਲਿਖਤੀ ਭਰੋਸਾ ਦਿੱਤਾ ਸੀ, ਪਰ ਮੰਗਾਂ ਕਦੇ ਮੰਨੀਆਂ ਨਹੀਂ ਗਈਆਂ।
ਹਜ਼ਾਰੇ ਨੇ ਕਿਹਾ,‘ਮੈਂ ਇੱਕ ਵਾਰ ਮੁੜ ਜਨਵਰੀ 'ਚ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਕੇਂਦਰ ਨੂੰ ਇਸ ਸਬੰਧ 'ਚ ਇੱਕ ਪੱਤਰ ਭੇਜਿਆ ਹੈ।