ਹੈਦਰਬਾਦ/ ਨਵੀਂ ਦਿੱਲੀ:ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਵਾਰ ਨੂੰ ਸਪੱਸ਼ਟ ਕੀਤਾ ਕਿ "ਕੋਵੈਕਸੀਨ" ਦੋ ਖ਼ੁਰਾਕਾਂ ਵਾਲਾ ਟੀਕਾ ਹੈ ਅਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਸਿਰਫ਼ ਪਹਿਲੀ ਹੀ ਖ਼ੁਰਾਕ ਦਿੱਤੀ ਗਈ ਸੀ। ਵਿਜ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਹਨ। ਕੋਵੈਕਸੀਨ ਇੱਕ ਭਾਰਤ ’ਚ ਬਣਿਆ ਸਵਦੇਸ਼ੀ ਟੀਕਾ ਹੈ, ਜਿਸਨੂੰ ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈਸੀਐੱਮਆਰ) ਦੇ ਨਾਲ ਮਿਲ ਕੇ ਭਾਰਤ ਬਾਇਓਟੈੱਕ ਵਿਕਸਿਤ ਕਰ ਰਹੀ ਹੈ। ਵਿਜ ਨੇ ਕੋਵੈਕਸੀਨ ਦੇ ਤੀਸਰੇ ਦੌਰ ਦੇ ਪ੍ਰੀਖਣ ਦੌਰਾਨ ਪਹਿਲਾ ਵਲੰਟੀਅਰ ਬਣਨ ਦੀ ਪੇਸ਼ਕਸ਼ ਕੀਤੀ ਸੀ।
ਅੰਬਾਲਾ ਸਿਵਲ ਹਸਪਤਾਲ ’ਚ ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਕਿਹਾ ਕਿ 'ਪਹਿਲਾ ਟੀਕਾ ਲਗਾਉਣ ਦੇ 15 ਦਿਨਾਂ ਦੇ ਅੰਦਰ ਕਿਸੇ ਵੀ ਟੀਕਾ ਲੱਗਣ ਵਾਲੇ ਦੇ ਸ਼ਰੀਰ ਅੰਦਰ ਐਂਟੀਬਾਡੀ ਨਹੀਂ ਬਣ ਸਕਦੀ।'
ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ' 67 ਸਾਲਾਂ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੂੰ 20 ਨਵੰਬਰ ਨੂੰ ਟੀਕਾ ਲਾਇਆ ਗਿਆ ਸੀ। ਅੱਜ 15ਵਾਂ ਦਿਨ ਹੈ, ਟੀਕੇ ਦੀਆਂ ਦੋ ਖ਼ੁਰਾਕਾਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਮਨੁੱਖੀ ਸ਼ਰੀਰ ’ਚ ਠੀਕ ਨਾਲ ਐਂਟੀਬਾਡੀ ਬਣਨ ’ਚ 42 ਦਿਨਾਂ ਦਾ ਸਮਾਂ ਲੱਗਦਾ ਹੈ।