ਸ਼੍ਰੀ ਗੰਗਾ ਨਗਰ :ਜ਼ਿਲ੍ਹੇ ਵਿੱਚ ਸਿੰਚਾਈ ਦੇ ਪਾਣੀ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਗੁੱਸੇ ਵਿੱਚ ਹਨ। ਗੁੱਸੇ 'ਚ ਆਏ ਕਿਸਾਨਾਂ ਨੇ ਰਾਜਸਥਾਨ-ਪੰਜਾਬ ਬਾਰਡਰ 'ਤੇ ਜਾਮ ਲਗਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਗੰਗ ਨਹਿਰ ਵਿੱਚ ਪੂਰਾ ਪਾਣੀ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।
ਪੰਜਾਬ ਤੋਂ ਪਾਣੀ ਨਾ ਛੱਡਣ ਕਾਰਨ ਭੜਕੇ ਕਿਸਾਨ:ਭਾਰਤੀ ਕਿਸਾਨ ਯੂਨੀਅਨ ਦੇ ਸੁਭਾਸ਼ ਸਹਿਗਲ ਨੇ ਦੱਸਿਆ ਕਿ ਪੰਜਾਬ ਵਾਲੇ ਪਾਸੇ ਤੋਂ ਗੰਗਾਨਗਰ ਵਿੱਚ ਪੂਰਾ ਪਾਣੀ ਨਹੀਂ ਛੱਡਿਆ ਜਾ ਰਿਹਾ, ਜਿਸ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ। ਕਿਸਾਨਾਂ ਨੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਅੱਗੇ ਜਾਮ ਲਗਾ ਕੇ ਹਾਈਵੇਅ ਵੀ ਜਾਮ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਰਾਜਸਥਾਨ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਅੰਦੋਲਨ ਨੂੰ ਲੈ ਕੇ ਕਿਸਾਨ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਦੂਜੇ ਧੜੇ ਨੇ 21 ਅਗਸਤ ਨੂੰ ਰਾਜਸਥਾਨ-ਪੰਜਾਬ ਬਾਰਡਰ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਇਕ ਧੜੇ ਨੇ ਪਹਿਲਾਂ ਹੀ ਹਾਈਵੇਅ ਜਾਮ ਕਰ ਦਿੱਤਾ।