ਸ਼ਾਰਜਾਹ: ਏਸ਼ੀਆ ਕੱਪ 2022 'ਚ ਬੁੱਧਵਾਰ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਹੋਇਆ। ਇਸ ਦੌਰਾਨ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਹਰਾ ਦਿੱਤਾ। ਮੈਚ ਵਿੱਚ ਆਖਰੀ ਓਵਰ 'ਚ ਪਾਕਿਸਤਾਨੀ ਖਿਡਾਰੀ ਨੇ ਲਗਾਤਾਰ ਦੋ ਛੱਕੇ ਲਗਾ ਕੇ ਅਫਗਾਨਿਸਤਾਨ ਤੋਂ ਜਿੱਤ ਖੋਹ ਲਈ। ਇਸ ਹਾਰ ਤੋਂ ਬਾਅਦ ਇਹ ਟੀਮ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਨਾਲ ਹੀ ਪਾਕਿਸਤਾਨ ਦੀ ਇਸ ਜਿੱਤ ਨਾਲ ਭਾਰਤ ਏਸ਼ੀਆ ਕੱਪ 2022 ਤੋਂ ਵੀ ਬਾਹਰ ਹੋ ਗਿਆ। ਹੁਣ ਫਾਈਨਲ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਹੱਥੋਂ ਮਿਲੀ ਹਾਰ ਕਾਰਨ ਅਫਗਾਨਿਸਤਾਨ ਦੇ ਪ੍ਰਸ਼ੰਸਕਾਂ 'ਚ ਭਾਰੀ ਨਿਰਾਸ਼ਾ ਹੈ।
ਘਟਨਾ ਦਾ ਵੀਡੀਓ ਵਾਇਰਲ:ਏਸ਼ੀਆ ਕੱਪ 2022 'ਚ ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕ ਕਾਫੀ ਖੁਸ਼ ਸਨ, ਉਥੇ ਹੀ ਅਫਗਾਨ ਪ੍ਰਸ਼ੰਸਕ ਇਸ ਖੁਸ਼ੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਗੁੱਸੇ 'ਚ ਆ ਗਏ। ਸ਼ਾਹਜਾਹ ਦੇ ਸਟੇਡੀਅਮ 'ਚ ਹੀ ਅਫਗਾਨ ਪ੍ਰਸ਼ੰਸਕਾਂ ਨੇ ਆਪਾ ਹਾਰ ਕੇ ਕੁਰਸੀਆਂ ਨੂੰ ਤੋੜਨਾ ਅਤੇ ਉਖਾੜਨਾ ਸ਼ੁਰੂ ਕਰ ਦਿੱਤਾ। ਨਰਾਜ਼ਗੀ ਇੰਨੀ ਜ਼ਿਆਦਾ ਸੀ ਕਿ ਇਨ੍ਹਾਂ ਲੋਕਾਂ ਨੇ ਕੁਰਸੀਆਂ ਉਖਾੜ ਦਿੱਤੀਆਂ ਅਤੇ ਖੁਸ਼ ਪਾਕਿਸਤਾਨੀ ਪ੍ਰਸ਼ੰਸਕਾਂ 'ਤੇ ਸੁੱਟਣਾ ਸ਼ੁਰੂ ਕਰ ਦਿੱਤਾ। ਕੈਮਰੇ 'ਚ ਇਹ ਸਾਰੀ ਘਟਨਾ ਕੈਦ ਹੋ ਗਈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।