ਅੰਬਾਲਾ: ਕਿਸਾਨ ਸੰਗਠਨਾਂ ਦੇ ਸੱਦੇ 'ਤੇ 18 ਫਰਵਰੀ ਨੂੰ ਅੰਬਾਲਾ ਦੇ ਸ਼ਾਹਪੁਰ ਫਾਟਕ 'ਤੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ 'ਚ ਸ਼ਾਮਲ ਲੱਗਭਗ 150 ਕਿਸਾਨਾਂ ਖਿਲਾਫ਼ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ) ਨੇ ਸਖ਼ਤ ਕਾਰਵਾਈ ਕਰਦਿਆਂ ਧਾਰਾ 147 ਅਤੇ 174 ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਹੈ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਆਰ.ਪੀ.ਐਫ ਚੌਕੀ ਇੰਚਾਰਜ ਸ਼ਿਆਮ ਸੁੰਦਰ ਨੇ ਦੱਸਿਆ ਕਿ ਰੇਲਵੇ ਟ੍ਰੈਕਾਂ 'ਤੇ ਪ੍ਰਦਰਸ਼ਨ ਕਰਨ ਦੇ ਚੱਲਦਿਆਂ ਅੰਬਾਲਾ ‘ਚ 150 ਕਿਸਾਨਾਂ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਅੰਬਾਲਾ ਰੇਲਵੇ ਡਿਵੀਜ਼ਨ ਅਧੀਨ ਆਉਂਦੇ ਛੋਟੇ-ਵੱਡੇ ਰੇਲਵੇ ਸਟੇਸ਼ਨਾਂ 'ਤੇ, ਜਿਥੇ ਕਿਸਾਨਾਂ ਨੇ ਰੇਲਵੇ ਟ੍ਰੈਕਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ। ਉੱਥੋਂ ਦੇ ਕਿਸਾਨਾਂ ਖਿਲਾਫ਼ ਵੱਡੀ ਗਿਣਤੀ ‘ਚ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੇ ਅੰਬਾਲਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਕਿਹਾ ਕਿ ਸਰਕਾਰ ਜ਼ੁਲਮ ਦੀ ਨੀਤੀ ਅਪਣਾ ਰਹੀ ਹੈ। ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਿਆ।
ਇਸ ਦੇ ਬਾਵਜੂਦ ਸਰਕਾਰ ਦਾ ਅੜੀਅਲ ਰਵੱਈਆ ਸਰਕਾਰ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇੰਨਾ ਹੀ ਨਹੀਂ ਸੂਬਾ ਸਰਕਾਰ ਨੇ ਵੀ ਕਿਸਾਨਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕਈ ਕੇਸ ਦਰਜ ਕੀਤੇ ਹਨ। ਪਰ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ।