ਨਵੀਂ ਦਿੱਲੀ:ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਕਿਫੋਸਿਸ ਤੋਂ ਪੀੜਤ ਇੱਕ ਬਜ਼ੁਰਗ ਔਰਤ ਦੀ ਮਦਦ ਲਈ ਅੱਗੇ ਆਏ ਹਨ। ਬਿਮਾਰੀ ਦੇ ਚੱਲਦੇ ਬਜ਼ੁਰਗ ਮਹਿਲਾ ਦੀ ਪਿੱਠ ਪੂਰੀ ਤਰ੍ਹਾਂ ਮੁੜੀ ਹੋਈ ਹੈ ਭਾਵ ਉਨ੍ਹਾਂ ਦੀ ਪਿੱਠ ਵਿੱਚ ਕੁੱਬ ਹੈ ਪਰ ਫਿਰ ਵੀ ਆਪਣਾ ਢਿੱਡ ਭਰਨ ਦੇ ਲਈ 80 ਸਾਲ ਦੀ ਉਮਰ ਵਿੱਚ ਰੇਹੜੀ ‘ਤੇ ਮੱਕੀ ਵੇਚ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ।
ਫੰਡ ਜੁਟਾਉਣ ਵਾਲੀ ਸੰਸਥਾ ਕੀਟੋ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਬਜ਼ੁਰਗ ਮਹਿਲਾ ਵਿਧਵਾ ਹੈ ਅਤੇ ਇੱਕ ਝੁੱਗੀ ਵਿੱਚ ਦਿੱਲੀ ਦੇ ਰਘੁਵੀਰ ਨਗਰ ਚ ਆਪਣੇ ਪੋਤੇ-ਪੋਤੀਆਂ, ਇੱਕ 12 ਸਾਲਾ ਲੜਕੀ ਅਤੇ 10 ਸਾਲ ਦੇ ਲੜਕੇ ਦੀ ਦੇਖਭਾਲ ਇਕੱਲੀ ਕਰ ਰਹੀ ਹੈ। ਬਜ਼ੁਰਗ ਮਾਂ ਨੂੰ ਉਸਦਾ ਪੁੱਤ ਇਕੱਲਾ ਛੱਡ ਗਿਆ ਹੈ ਜਿਸ ਕਰਕੇ ਉਹ ਹੀ ਹੁਣ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ।
ਬਜ਼ੁਰਗ ਮਹਿਲਾ ਦੇ ਪੋਤੇ -ਪੋਤੀਆਂ ਨੇੜਲੇ ਸਕੂਲ ਵਿੱਚ ਪੜ੍ਹ ਰਹੇ ਹਨ। ਲੜਕਾ ਡਾਕਟਰ ਬਣਨਾ ਚਾਹੁੰਦਾ ਹੈ ਅਤੇ ਲੜਕੀ ਅਧਿਆਪਕ ਬਣਨਾ ਚਾਹੁੰਦੀ ਹੈ। ਦੋਵੇਂ ਬੱਚੇ ਖਾਣਾ ਬਣਾਉਣ, ਮੱਕੀ ਖਰੀਦਣ ਅਤੇ ਵੇਚਣ ਵਿੱਚ ਵੀ ਆਪਣੀ ਦਾਦੀ ਦੀ ਮਦਦ ਕਰਦੇ ਹਨ। ਉਸਦਾ ਕਦੇ ਵੀ ਆਮ ਬਚਪਨ ਨਹੀਂ ਰਿਹਾ।