ਜੰਮੂ:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 18 ਮਾਰਚ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਗ੍ਰਹਿ ਮੰਤਰੀ ਸੀਆਰਪੀਐਫ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਵੀ ਸ਼ਿਰਕਤ ਕਰਨਗੇ। ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਜੰਮੂ ਪਹੁੰਚਣਗੇ ਅਤੇ ਉੱਚ ਪੱਧਰੀ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ। ਸੂਤਰਾਂ ਮੁਤਾਬਕ ਬੈਠਕ 'ਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਖੁਫੀਆ ਏਜੰਸੀਆਂ, ਫੌਜ, ਪੁਲਸ, ਸੀਆਰਪੀਐੱਫ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।
ਇਸੇ ਲੜੀ ਤਹਿਤ, ਗ੍ਰਹਿ ਮੰਤਰੀ 19 ਮਾਰਚ ਨੂੰ ਜੰਮੂ ਦੇ ਐਮਏ ਸਟੇਡੀਅਮ ਵਿੱਚ ਸੀਆਰਪੀਐਫ ਦੇ ਸਥਾਪਨਾ ਦਿਵਸ ਸਮਾਰੋਹ ਨੂੰ ਵੀ ਸੰਬੋਧਨ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਜੰਮੂ ਭਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹ ਉੱਚ ਪੱਧਰੀ ਮੀਟਿੰਗ ਕਰਕੇ ਦਿੱਲੀ ਪਰਤਣਗੇ। ਪਿਛਲੇ 5 ਮਹੀਨਿਆਂ ਵਿੱਚ ਅਮਿਤ ਸ਼ਾਹ ਦੀ ਇਹ ਦੂਜੀ ਜੰਮੂ ਫੇਰੀ ਹੈ। ਇਸ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਦੇ ਪੰਜ ਦਿਨਾਂ ਦੌਰੇ 'ਤੇ ਆਏ ਸਨ।