ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਪਵਿੱਤਰ ਅਮਰਨਾਥ ਗੁਫਾ ਖੇਤਰ 'ਚ ਬੱਦਲ ਫਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਕਈ ਸ਼ਰਧਾਲੂ ਲਾਪਤਾ ਹਨ। ਫੌਜ ਨੇ ਸ਼ਨੀਵਾਰ ਸਵੇਰੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। 6 ਲੋਕਾਂ ਨੂੰ ਏਅਰਲਿਫਟ ਕੀਤਾ ਗਿਆ।
ਦੂਜੇ ਪਾਸੇ ਪਹਾੜੀ ਬਚਾਅ ਦਲ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਘੱਟੋ-ਘੱਟ ਤਿੰਨ ਲੰਗਰ (ਕਮਿਊਨਿਟੀ ਰਸੋਈ) ਅਤੇ 25 ਯਾਤਰੀ ਟੈਂਟ ਵਹਿ ਗਏ। ਕਰੀਬ 40 ਸ਼ਰਧਾਲੂ ਲਾਪਤਾ ਹਨ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਪ੍ਰਸ਼ਾਸਨ ਦੇ ਨਾਲ-ਨਾਲ NDRF ਅਤੇ SDRF ਦੀਆਂ ਟੀਮਾਂ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਹਨ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਜੀ ਮਨੋਜ ਸਿਨਹਾ ਤੋਂ ਸਥਿਤੀ ਬਾਰੇ ਜਾਣਕਾਰੀ ਲਈ ਹੈ। ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਫਿਲਹਾਲ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮੌਸਮ ਵਿਭਾਗ ਦੀ ਰਿਪੋਰਟ ਅਤੇ ਹੋਰ ਸਥਿਤੀਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਜਾਵੇਗਾ। ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਸੀ।
ਨੀਲਾਗਰ ਹੈਲੀਪੈਡ 'ਤੇ ਮੈਡੀਕਲ ਟੀਮਾਂ ਮੌਜੂਦ ਹਨ। ਪਹਾੜੀ ਬਚਾਅ ਦਲ ਅਤੇ ਹੋਰ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਬਚਾਅ ਕਾਰਜ 'ਚ ਲੱਗੇ ਸੁਰੱਖਿਆ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਕਾਬੂ 'ਚ ਹੈ ਅਤੇ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ। ਸੁਰੱਖਿਆ ਬਲਾਂ ਦਾ ਇਹ ਵੀ ਕਹਿਣਾ ਹੈ ਕਿ ਬਚਾਅ ਕਾਰਜ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਬਚਾਅ ਕਾਰਜਾਂ ਵਿੱਚ ਖੋਜ ਅਤੇ ਬਚਾਅ ਕੁੱਤਿਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸ਼ਰੀਫਾਬਾਦ ਤੋਂ ਦੋ ਖੋਜ ਅਤੇ ਬਚਾਅ ਕੁੱਤਿਆਂ ਨੂੰ ਹੈਲੀਕਾਪਟਰ ਰਾਹੀਂ ਪਵਿੱਤਰ ਗੁਫਾ ਲਿਜਾਇਆ ਗਿਆ ਹੈ।
- NDRF ਹੈਲਪਲਾਈਨ- 01123438252, 01123438253, 919711077372
- ਕਮਾਂਡ ਸੈਂਟਰ ਹੈਲਪਲਾਈਨ- 01942496240, 01942313149
- ਜੰਮੂ-ਕਸ਼ਮੀਰ SDRF- 911942455165, 919906967840
- ਅਮਰਨਾਥ ਯਾਤਰਾ ਹੈਲਪਲਾਈਨ- 01912478993