ਨਵੀਂ ਦਿੱਲੀ: ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿੱਖ ਸੰਗਤ ਨਾਲ ਸਬੰਧ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਗੁਰਦਵਾਰਾ ਚੋਣਾਂ ਵਿੱਚ ਹਿੱਸਾ ਲੈਣ ਲਈ ਪੱਬਾਂਭਾਰ ਹੋ ਚੁੱਕੀਆਂ ਹਨ ਪਰ ਅਕਾਲੀ ਦਲ ਬਾਦਲ ਲਈ ਗਲੇ ਦੀ ਹੱਡੀ ਬਣ ਗਈ ਹੈ। ਕਿਉਂਕਿ ਚੋਣ ਕਮਿਸ਼ਨ ਨੇ ਅਕਾਲੀ ਦਲ ਬਾਦਲ ਦਾ ਪ੍ਰੰਪਰਾਗਤ ਚੋਣ ਨਿਸ਼ਾਨ 'ਬਾਲਟੀ' ਫ਼ਿਲਹਾਲ ਜ਼ਬਤ ਕਰ ਦਿੱਤਾ ਹੈ ਜਿਸ ਕਰ ਕੇ ਅਕਾਲੀ ਦਲ ਗੁਰਦਵਾਰਾ ਚੋਣਾਂ ਨਹੀਂ ਲੜ ਸਕੇਗਾ। ਜੇਕਰ ਇੰਝ ਕਹਿ ਲਿਆ ਜਾਵੇ ਕਿ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਚੋਣ ਕਮਿਸ਼ਨ ਨੇ ਅਕਾਲੀ ਦਲ (ਬ) ਦਿੱਲੀ ਇਕਾਈ ਨੂੰ ਧਾਰਮਿਕ ਚੋਣਾਂ ਦੇ ਸੰਦਰਭ 'ਚ ਭੰਗ ਹੀ ਕਰ ਦਿੱਤਾ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਅਕਾਲੀ ਦਲ (ਬ) ਦਿੱਲੀ ਇਕਾਈ ਦਾ ਚੋਣ ਨਿਸ਼ਾਨ 'ਬਾਲਟੀ' ਰੱਦ
ਗੁਰਦਵਾਰਾ ਚੋਣ ਕਮਿਸ਼ਨ ਦਾ ਇਹ ਫ਼ੈਸਲਾ ਜਿਥੇ ਅਕਾਲੀ ਦਲ (ਬ) ਲਈ ਨਮੋਸ਼ੀ ਭਰਿਆ ਹੈ ਉਥੇ ਅਕਾਲੀ ਦਲ ਦੇ ਵਿਰੋਧੀ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨੂੰ ਦੇਰ ਆਏ ਦਰੁਸਤ ਆਏ ਵਾਲੇ ਲਹਿਜੇ ਤੋਂ ਦੇਖਦੇ ਹਨ। ਸੁਪਰੀਮ ਕੋਰਟ ਸੀਨੀਅਰ ਵਕੀਲ ਐਚ.ਐੱਚ ਫੂਲਕਾ ਨੇ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਉਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਇਥੋਂ ਤਕ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਧਾਰਮਕ ਚੋਣਾਂ ਵਿੱਚੋਂ ਬਾਹਰ ਕਰਨਾ ਸੀ। ਉਨ੍ਹਾਂ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਨੇ ਗੁਰਦਵਾਰਾਂ ਚੋਣ ਕਮਿਸ਼ਨ ਨੇ DSGMC ਦੀਆਂ ਚੋਣਾਂ ਲੜਣ ਦੀ ਸਿਰਫ਼ 6 ਪਾਰਟੀਆਂ ਨੂੰ ਮਾਨਤਾ ਦਿੱਤੀ ਹੈ ਜਿਸ ਵਿੱਚ ਅਕਾਲੀ ਦਲ ਬਾਦਲ ਨਹੀਂ ਹੈ। ਇਨ੍ਹਾਂ 6 ਪਾਰਟੀਆਂ ਵਿੱਚ ਅਕਾਲੀ ਦਲ ਦਿੱਲੀ, (ਸਰਨਾ ਧੜਾ), ਮਨਜੀਤ ਸਿੰਘ ਜੀਕੇ ਦੀ ਪਾਰਟੀ ਜਾਗੋ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜਥੇਬੰਦੀ, ਗੁਰਵਿੰਦਰ ਸਿੰਘ ਸੈਣੀ 'ਆਮ ਅਕਾਲੀ ਦਲ' ਸਮੇਤ 2 ਪਾਰਟੀਆਂ ਹੋਰ ਹਨ ਪਰ ਅਕਾਲੀ ਦਲ ਬਾਦਲ ਚੋਣ ਨਹੀਂ ਲੜ ਸਕਦਾ।
ਇਸ ਫ਼ੈਸਲੇ ਤੋਂ ਖ਼ੁਸ਼ੀ ਵਿੱਚ ਖੀਵੇ ਹੁੰਦੇ ਹੋਏ ਫੂਲਕਾ ਨੇ ਕਿਹਾ ਕਿ ਸੰਗਤਾਂ ਇਸ ਲਈ ਵਧਾਈ ਦੀਆਂ ਪਾਤਰ ਹਨ ਕਿ ਅਸੀ ਗੁਰਦਵਾਰਾ ਚੋਣਾਂ ਵਿੱਚੋ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿੱਚ ਪਹਿਲਾ ਕਦਮ ਪੁੱਟ ਚੁੱਕੇ ਹਨ। ਫੂਲਕਾ ਨੇ ਦੱਸਿਆ ਕਿ ਅਕਾਲੀ ਦਲ ਬਾਅਦ ਨੂੰ ਹਾਈਕੋਰਟ ਤੋਂ ਵਾ ਕੋਈ ਰਾਹਤ ਨਹੀਂ ਮਿਲੀ ਇਸ ਲਈ ਹੁਣ ਇਨ੍ਹਾਂ ਦੇ ਕੋਲ ਸਿਰਫ਼ ਇਕੋ ਇਕ ਚਾਰਾ ਇਹ ਬਚਿਆ ਹੈ ਕਿ ਉਨ੍ਹਾਂ 6 ਪਾਰਟੀਆਂ ਵਿੱਚੋਂ ਇਕ ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਹੋਏ ਹਨ ਉਸ ਪਾਰਟੀ ਦਾ ਸਮਰਥਨ ਕਰ ਸਕਦੀ ਹੈ। ਪਰ ਫੂਲਕਾ ਨੇ ਦਾਅਵਾ ਕੀਤਾ ਕਿ ਇਨ੍ਹਾਂ 6 ਦੀਆਂ 6 ਪਾਰਟੀਆਂ ਬਾਦਲ ਦਲੀਆਂ ਨੂੰ ਮੂੰਹ ਨਹੀਂ ਲਾਉਣਗੀਆਂ । ਇਹ ਹੁਣ ਆਜ਼ਾਦ ਚੋਣ ਲੜਣੀ ਚਾਹੁਣ ਤਾਂ ਲੜ ਸਕਦੇ ਹਨ।
ਦਰਅਸਲ ਗੁਰਦਵਾਰਾ ਚੋਣ ਕਮਿਸ਼ਨ ਵੱਲੋਂ ਬੀਤੇ ਕੱਲ੍ਹ ਚੋਣ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਚੋਣ ਪ੍ਰਕ੍ਰਿਆ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ। ਚੋਣ ਕਮਿਸ਼ਨ ਨੇ 47 ਵਾਰਡਾਂ ਵਿੱਚ ਚੋਣਾਂ ਲਈ 25 ਅਪ੍ਰੈਲ ਦੀ ਤਰੀਕ ਨਿਰਧਾਰਿਤ ਕੀਤੀ ਹੈ ਅਤੇ ਵੋਟਾਂ ਦੀ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। 31 ਮਾਰਚ ਯਾਨੀ ਅੱਜ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ ਜਿਸ ਦੀ ਆਖ਼ਰੀ ਮਿਤੀ 7 ਅਪ੍ਰੈਲ ਹੈ। 8 ਅਪ੍ਰੈਲ ਨੂੰ ਸਕਰੂਟਨੀ ਹੋਵੇਗੀ ਅਤੇ 10 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ ਤਹਿ ਕੀਤੀ ਗਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਅਤੇ ਜਾਗੋ ਪਾਰੀ ਪਹਿਲਾਂ ਹੀ ਜਿੱਤ ਦਾ ਦਾਅਵਾ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੋਣਾਂ ਨੂੰ ਲੈ ਪੂਰੀ ਤਰ੍ਹਾਂ ਆਸਵੰਦ ਹੈ।
ਕਿਉਂ ਹੋਣਾ ਪਿਆ ਅਕਾਲੀ ਦਲ ਨੂੰ ਮੈਦਾਨ ਵਿੱਚੋਂ ਬਾਹਰ ?