ਨਵੀਂ ਦਿੱਲੀ :ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਨੇ ਜਿਸ ਤਰ੍ਹਾਂ ਦੀ ਸਿਆਸੀ 'ਬਗਾਵਤ' ਕੀਤੀ ਸੀ, ਅੱਜ ਉਨ੍ਹਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਉਨ੍ਹਾਂ ਦੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਅਜੀਤ ਪਵਾਰ ਦੇ ਨਾਲ ਗਏ ਸਨ। ਘੱਟੋ-ਘੱਟ ਅਜੀਤ ਪਵਾਰ ਵੀ ਇਹੀ ਦਾਅਵਾ ਕਰ ਰਹੇ ਹਨ। ਸ਼ਰਦ ਪਵਾਰ ਨੇ 1978 ਵਿੱਚ ਇੰਦਰਾ ਗਾਂਧੀ ਵਿਰੁੱਧ ਬਗਾਵਤ ਕੀਤੀ। ਫਿਰ ਪਵਾਰ ਨੇ ਕਾਂਗਰਸ ਦੀ ਬੰਸਤਰਾਓ ਪਾਟਿਲ ਦੀ ਸਰਕਾਰ ਨੂੰ ਡੇਗ ਦਿੱਤਾ। ਇਸ ਤੋਂ ਬਾਅਦ ਪਵਾਰ ਨੇ ਕਾਂਗਰਸ ਪਾਰਟੀ ਛੱਡ ਦਿੱਤੀ। ਸਿਆਸਤ ਵਿੱਚ ਸ਼ਰਦ ਪਵਾਰ ਦਾ ਇਹ ਪਹਿਲਾ ‘ਬਾਗ਼ੀ’ ਕਦਮ ਸੀ। ਇਹ ਸਾਲ 1978 ਸੀ। ਉਸ ਸਮੇਂ ਸ਼ਰਦ ਪਵਾਰ ਨੇ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਸੀ। ਉਹ ਮਹਿਜ਼ 38 ਸਾਲ ਦੀ ਉਮਰ ਵਿੱਚ ਮਹਾਰਾਸ਼ਟਰ ਵਰਗੇ ਵੱਡੇ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਜ਼ਾਹਰ ਤੌਰ 'ਤੇ, 1980 ਵਿੱਚ ਜਦੋਂ ਇੰਦਰਾ ਗਾਂਧੀ ਕੇਂਦਰ ਵਿੱਚ ਦੁਬਾਰਾ ਸੱਤਾ ਵਿੱਚ ਆਈ ਤਾਂ ਉਸਨੇ ਮਹਾਰਾਸ਼ਟਰ ਵਿੱਚ ਸ਼ਰਦ ਪਵਾਰ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ।
ਸਰਕਾਰ ਦੇ ਡਿੱਗਣ ਤੋਂ ਤਿੰਨ ਸਾਲ ਬਾਅਦ ਸ਼ਰਦ ਪਵਾਰ ਨੇ ਕਾਂਗਰਸ ਪਾਰਟੀ ਸੋਸ਼ਲਿਸਟ ਬਣਾਈ। ਸ਼ਰਦ ਪਵਾਰ ਉਦੋਂ ਬਾਰਾਮਤੀ ਤੋਂ ਸੰਸਦ ਮੈਂਬਰ ਸਨ। 1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਮੁੜ ਸੂਬੇ ਦੀ ਸਿਆਸਤ ਵਿੱਚ ਪਰਤੇ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ।1987 ਵਿੱਚ ਸ਼ਰਦ ਪਵਾਰ ਅਤੇ ਰਾਜੀਵ ਗਾਂਧੀ ਨੇੜੇ ਆਏ ਅਤੇ ਪਵਾਰ ਨੂੰ ਮੁੜ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ। ਕਾਂਗਰਸ ਨੇ ਉਨ੍ਹਾਂ ਨੂੰ 1988 ਵਿੱਚ ਮੁੱਖ ਮੰਤਰੀ ਬਣਾਇਆ ਸੀ। ਉਨ੍ਹਾਂ ਨੂੰ ਸ਼ੰਕਰ ਰਾਓ ਚਵਾਨ ਦੀ ਥਾਂ 'ਤੇ ਮੁੱਖ ਮੰਤਰੀ ਬਣਾਇਆ ਗਿਆ। ਚਵਾਨ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਗਿਆ। 1990 ਵਿੱਚ ਸ਼ਰਦ ਪਵਾਰ ਨੇ 12 ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਤੀਜੀ ਵਾਰ ਸਰਕਾਰ ਬਣਾਈ।
1991 ਵਿੱਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਉਸ ਤੋਂ ਬਾਅਦ ਕਾਂਗਰਸ ਦੀ ਕਮਾਨ ਕਿਸ ਨੂੰ ਸੌਂਪੀ ਜਾਵੇ, ਇਸ 'ਤੇ ਚਰਚਾ ਹੋ ਰਹੀ ਸੀ। ਉਸ ਸਮੇਂ ਸ਼ਰਦ ਪਵਾਰ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ। ਦੋ ਹੋਰ ਨਾਮ ਪੀਵੀ ਨਰਸਿਮਹਾ ਰਾਓ ਅਤੇ ਨਰਾਇਣ ਦੱਤ ਤਿਵਾਰੀ ਦੇ ਸਨ। ਅਜਿਹਾ ਲੱਗ ਰਿਹਾ ਸੀ ਕਿ ਸ਼ਰਦ ਪਵਾਰ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਐਨਡੀ ਤਿਵਾਰੀ ਗਾਂਧੀ ਪਰਿਵਾਰ ਦੀ ਪਸੰਦ ਸਨ ਪਰ ਤਿਵਾਰ ਚੋਣ ਹਾਰ ਗਏ। ਇਸ ਕਰਕੇ ਸ਼ਰਦ ਪਵਾਰ ਦੀਆਂ ਉਮੀਦਾਂ ਵਧ ਗਈਆਂ ਸਨ ਪਰ ਨਰਸਿਮਹਾ ਰਾਓ ਨੇ ਜਿੱਤ ਹਾਸਲ ਕੀਤੀ। ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣੇ। ਸ਼ਰਦ ਪਵਾਰ ਦੁਖੀ ਹੋ ਗਏ। ਮੰਨਿਆ ਜਾਂਦਾ ਸੀ ਕਿ ਗਾਂਧੀ ਪਰਿਵਾਰ ਨਰਸਿਮਹਾ ਰਾਓ ਨੂੰ ਆਪਣੀਆਂ ਸ਼ਰਤਾਂ 'ਤੇ ਚਲਾ ਸਕਦਾ ਹੈ। ਪਵਾਰ ਨੂੰ ਰੱਖਿਆ ਮੰਤਰੀ ਬਣਾਇਆ ਗਿਆ।