ਨਵੀਂ ਦਿੱਲੀ:ਹਵਾਈ ਸੈਨਾ ਨੇ ਆਪਣੇ 50 ਮਿਗ-21 ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਅਸਥਾਈ ਤੌਰ 'ਤੇ ਸੇਵਾ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਕਰੀਬ ਦੋ ਹਫ਼ਤੇ ਪਹਿਲਾਂ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਮਿਗ-21 ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਿਆ ਗਿਆ ਹੈ। ਇਸ ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 8 ਮਈ ਨੂੰ ਸੂਰਤਗੜ੍ਹ ਦੇ ਏਅਰਫੋਰਸ ਸਟੇਸ਼ਨ ਤੋਂ ਰੁਟੀਨ ਟ੍ਰੇਨਿੰਗ ਲਈ ਰਵਾਨਾ ਹੋਇਆ ਮਿਗ-21 ਜਹਾਜ਼ ਹਨੂੰਮਾਨਗੜ੍ਹ ਦੇ ਇੱਕ ਘਰ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਹੁਣ ਤਕ 400 ਜਹਾਜ਼ ਹੋਏ ਕਰੈਸ਼: ਇਸ ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਸਾਰੇ ਮਿਗ-21 ਜਹਾਜ਼ਾਂ ਦੀ ਇਸ ਸਮੇਂ ਤਕਨੀਕੀ ਮੁਲਾਂਕਣ ਅਤੇ ਜਾਂਚ ਚੱਲ ਰਹੀ ਹੈ, ਅਤੇ ਨਿਰੀਖਣ ਟੀਮਾਂ ਤੋਂ ਮਨਜ਼ੂਰੀ ਤੋਂ ਬਾਅਦ ਹੀ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਨੂੰਮਾਨਗੜ੍ਹ ਦੀ ਘਟਨਾ ਤੋਂ ਬਾਅਦ ਸੋਵੀਅਤ ਮੂਲ ਦਾ ਮਿਗ-21 ਜਹਾਜ਼ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ। 1960 ਦੇ ਦਹਾਕੇ ਦੇ ਸ਼ੁਰੂ ਵਿੱਚ ਮਿਗ-21 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਕਰੀਬਨ 400 ਜਹਾਜ਼ ਕਰੈਸ਼ ਹੋ ਚੁੱਕੇ ਹਨ।